ਸ਼੍ਰੀ ਦਸਮ ਗ੍ਰੰਥ

ਅੰਗ - 875


ਕਛਪ ਕੇਤੁ ਗਦਾ ਗਹਿ ਘਾਯੋ ॥

(ਫਿਰ) ਕਛਪ ਕੇਤੁ ਗਦਾ ਲੈ ਕੇ ਮਾਰਿਆ

ਕੇਤੁ ਲੂਕ ਮ੍ਰਿਤ ਲੋਕ ਪਠਾਯੋ ॥੭੬॥

ਅਤੇ ਲੂਕ ਕੇਤੁ ਨੂੰ ਮ੍ਰਿਤੂ-ਲੋਕ ਵਲ ਭੇਜ ਦਿੱਤਾ ॥੭੬॥

ਜਾ ਤਨ ਬਾਲ ਗਦਾ ਕੀ ਮਾਰੈ ॥

ਜਿਸ ਦੇ ਸ਼ਰੀਰ ਉਤੇ ਰਾਜ ਕੁਮਾਰੀ ਗਦਾ ਦਾ ਵਾਰ ਕਰਦੀ,

ਏਕੈ ਘਾਇ ਚੌਥਿ ਸਿਰ ਡਾਰੈ ॥

ਇਕੋ ਸਟ ਨਾਲ (ਉਸ ਦਾ) ਸਿਰ ਫੇਹ ਦਿੰਦੀ।

ਜਾ ਕੇਤਕਿ ਮਾਰ ਤਨ ਬਾਨਾ ॥

ਕਿਤਨਿਆਂ ਹੀ ਸੂਰਮਿਆਂ ਦੇ ਸ਼ਰੀਰਾਂ ਵਿਚ ਤੀਰ ਮਾਰ ਕੇ

ਕਰੈ ਬੀਰ ਜਮਪੁਰੀ ਪਯਾਨਾ ॥੭੭॥

ਉਨ੍ਹਾਂ ਨੂੰ ਜਮਪੁਰੀ ਭੇਜ ਦਿੱਤਾ ॥੭੭॥

ਦੋਹਰਾ ॥

ਦੋਹਰਾ:

ਤਾ ਕੋ ਜੁਧੁ ਬਿਲੋਕਿ ਕਰਿ ਕਵਨ ਸੁਭਟ ਠਹਰਾਇ ॥

ਉਸ ਦੇ ਯੁੱਧ ਨੂੰ ਵੇਖ ਕੇ ਕਿਹੜਾ ਸੂਰਮਾ ਟਿਕ ਸਕਦਾ ਸੀ।

ਜੋ ਸਮੁਹੈ ਆਵਤ ਭਯਾ ਜਮਪੁਰ ਦਿਯਾ ਪਠਾਇ ॥੭੮॥

ਜੋ ਵੀ ਸਾਹਮਣੇ ਆ ਗਿਆ, ਉਸ ਨੂੰ ਯਮਪੁਰ ਵਿਚ ਭੇਜ ਦਿੱਤਾ ॥੭੮॥

ਸਵੈਯਾ ॥

ਸਵੈਯਾ:

ਕੋਪ ਅਨੇਕ ਭਰੇ ਅਮਰਾਰਦਨ ਆਨਿ ਪਰੈ ਕਰਵਾਰਿ ਉਘਾਰੇ ॥

ਦੇਵਤਿਆਂ ਦੇ ਅਨੇਕ ਵੈਰੀ (ਦੈਂਤ) ਕ੍ਰੋਧਿਤ ਹੋ ਕੇ ਤਲਵਾਰਾਂ ਕਢ ਕੇ ਆ ਪਏ।

ਪਟਿਸ ਲੋਹਹਥੀ ਪਰਸੇ ਅਮਿਤਾਯੁਧ ਲੈ ਕਰਿ ਕੋਪ ਪ੍ਰਹਾਰੇ ॥

ਪੇਟੀਆਂ, ਲੋਹ-ਹਥੀਆਂ ਅਤੇ ਪਰਸੇ ਅਤੇ ਹੋਰ ਬਹਤੁ ਸਾਰੇ ਸ਼ਸਤ੍ਰ ਲੈ ਕੇ ਕ੍ਰੋਧ ਕਰ ਕੇ ਆ ਪਏ।

ਨਾਰਿ ਸੰਭਾਰਿ ਹਥਯਾਰ ਸੁਰਾਰਿ ਹਕਾਰਿ ਹਨੇ ਨਹਿ ਜਾਤ ਬਿਚਾਰੇ ॥

ਉਸ ਰਾਜ ਕੁਮਾਰੀ ਨੇ ਹਥਿਆਰ ਲੈ ਕੇ ਦੇਵਤਿਆਂ ਦੇ ਵੈਰੀਆਂ ਨੂੰ ਲਲਕਾਰ ਕੇ ਮਾਰ ਦਿੱਤਾ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ।

ਖੇਲਿ ਬਸੰਤ ਬਡੇ ਖਿਲਵਾਰ ਮਨੋ ਮਦ ਚਾਖਿ ਗਿਰੇ ਮਤਵਾਰੇ ॥੭੯॥

(ਉਹ ਇਸ ਤਰ੍ਹਾਂ ਡਿਗ ਪਏ) ਮਾਨੋ ਫਾਗ ਖੇਡ ਕੇ ਅਤੇ ਸ਼ਰਾਬ ਪੀ ਕੇ ਮਤਵਾਲੇ ਡਿਗੇ ਪਏ ਹੋਣ ॥੭੯॥

ਦੋਹਰਾ ॥

ਦੋਹਰਾ:

ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ ॥

ਘੋੜਿਆਂ, ਹਾਥੀਆਂ, ਰਥਾਂ ਵਾਲਿਆਂ (ਅਤੇ ਉਨ੍ਹਾਂ ਨਾਲ ਜੁਤੇ ਹੋਏ) ਘੋੜਿਆਂ ਤੇ ਬਹੁਤ ਸਾਰੇ ਯੋਧਿਆਂ ਨੂੰ ਮਾਰ ਦਿੱਤਾ।

ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ ॥੮੦॥

(ਉਹ ਰਾਜ ਕੁਮਾਰੀ) ਸੁਅੰਬਰ ਜਿਤ ਕੇ ਜੰਗ ਦੇ ਮੈਦਾਨ ਵਿਚ ਰਹਿ ਗਈ ਅਤੇ ਕੋਈ ਵੀ ਰਾਜਾ (ਬਾਕੀ) ਨਾ ਬਚਿਆ ॥੮੦॥

ਬਾਜਨ ਕੀ ਬਾਜੀ ਪਰੀ ਬਾਜਨ ਬਜੇ ਅਨੇਕ ॥

ਘੋੜਿਆਂ ਦੀ ਬਾਜ਼ੀ ਲਗ ਗਈ ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜੇ।

ਬਿਸਿਖ ਬਹੁਤ ਬਰਸੇ ਤਹਾ ਬਚਾ ਨ ਬਾਜੀ ਏਕ ॥੮੧॥

ਉਥੇ ਬਹੁਤ ਸਾਰੇ ਬਾਣ ਚਲੇ ਅਤੇ ਇਕ ਵੀ ਘੋੜਾ ਨਾ ਬਚਿਆ ॥੮੧॥

ਚੌਪਈ ॥

ਚੌਪਈ:

ਦੈਤ ਦਏ ਜਮ ਧਾਮ ਪਠਾਈ ॥

(ਜਦੋਂ) ਦੈਂਤਾਂ ਨੂੰ ਯਮ ਲੋਕ ਭੇਜ ਦਿੱਤਾ,

ਬਾਰੀ ਸੁਭਟ ਸਿੰਘ ਕੀ ਆਈ ॥

(ਤਦੋਂ) ਸੁਭਟ ਸਿੰਘ ਦੀ ਵਾਰੀ ਆ ਗਈ।

ਤਿਹ ਤ੍ਰਿਯ ਕਹਾ ਆਇ ਤੁਮ ਲਰੋ ॥

ਉਸ ਨੂੰ ਰਾਜ ਕੁਮਾਰੀ ਨੇ ਕਿਹਾ ਜਾਂ ਤਾਂ ਮੇਰੇ ਨਾਲ ਲੜੋ

ਕੈ ਅਬ ਹਾਰਿ ਮਾਨ ਮੁਹਿ ਬਰੋ ॥੮੨॥

ਜਾਂ ਹਾਰ ਮੰਨ ਕੇ ਮੇਰੇ ਨਾਲ ਵਿਆਹ ਕਰੋ ॥੮੨॥

ਸੁਭਟ ਸਿੰਘ ਜਬ ਯੌ ਸੁਨਿ ਪਾਯੋ ॥

ਜਦ ਸੁਭਟ ਸਿੰਘ ਨੇ ਇਸ ਤਰ੍ਹਾਂ ਸੁਣਿਆ

ਅਧਿਕ ਚਿਤ ਮੈ ਕੋਪ ਬਢਾਯੋ ॥

ਤਾਂ ਮਨ ਵਿਚ ਬਹੁਤ ਕ੍ਰੋਧ ਵਧਾਇਆ।

ਮੈ ਕਾ ਜੁਧ ਤ੍ਰਿਯਾ ਤੇ ਡਰਿਹੋ ॥

ਕੀ ਮੈਂ ਇਸਤਰੀ ਨਾਲ ਯੁੱਧ ਕਰਨੋਂ ਡਰਦਾ ਹਾਂ

ਯਾ ਕੋ ਤ੍ਰਾਸ ਮਾਨਿ ਯਹ ਬਰਿਹੋ ॥੮੩॥

ਅਤੇ ਇਸ ਦਾ ਡਰ ਮੰਨ ਕੇ ਇਸ ਨੂੰ ਵਰ ਲਵਾਂ ॥੮੩॥

ਕਹੂੰ ਮਤਿ ਗੈਵਰ ਗਰਜਾਹੀ ॥

ਕਈਆਂ (ਸੂਰਮਿਆਂ ਨੇ) ਮਸਤ ਹਾਥੀਆਂ ਨੂੰ ਗਰਜਾਇਆ

ਕਹੂੰ ਪਾਖਰੇ ਹੈ ਹਿਾਂਹਨਾਹੀ ॥

ਅਤੇ ਕਈਆਂ ਨੇ (ਘੋੜਿਆਂ ਉਤੇ) ਕਾਠੀਆਂ ਪਾ ਕੇ (ਉਨ੍ਹਾਂ ਨੂੰ) ਹਿਣਕਾਇਆ।

ਸਸਤ੍ਰ ਕਵਚ ਸੂਰਾ ਕਹੂੰ ਕਸੈ ॥

ਕਿਤੇ ਸੂਰਮੇ ਸ਼ਸਤ੍ਰ ਅਤੇ ਕਵਚ ਕਸ ਰਹੇ ਸਨ

ਜੁਗਿਨ ਰੁਧਿਰ ਖਪਰ ਭਰ ਹਸੈ ॥੮੪॥

ਅਤੇ (ਕਿਤੇ) ਜੋਗਣਾਂ ਲਹੂ ਦੇ ਖੱਪਰ ਭਰ ਕੇ ਹਸ ਰਹੀਆਂ ਸਨ ॥੮੪॥

ਸਵੈਯਾ ॥

ਸਵੈਯਾ:

ਸ੍ਰੀ ਸੁਭਟੇਸ ਬਡੋ ਦਲੁ ਲੈ ਉਮਡਿਯੋ ਗਹਿ ਕੈ ਕਰਿ ਆਯੁਧ ਬਾਕੇ ॥

ਸੁਭਟ ਸਿੰਘ ਹੱਥ ਵਿਚ ਸੁੰਦਰ ਸ਼ਸਤ੍ਰ ਲੈ ਕੇ ਅਤੇ ਬਹੁਤ ਵੱਡਾ ਦਲ ਲੈ ਕੇ ਉਮਡ ਪਿਆ।

ਬੀਰ ਹਠੀ ਕਵਚੀ ਖੜਗੀ ਪਰਸੀਸ ਭਈ ਸਰਦਾਰ ਨਿਸਾਕੇ ॥

ਉਸ ਦੀ ਸੈਨਾ ਵਿਚ ਹਠੀ, ਕਵਚਧਾਰੀ, ਖੜਗਧਾਰੀ ਅਤੇ ਕੁਹਾੜਿਆਂ ਵਾਲੇ (ਸਭ ਦੀ) ਨਿਸ਼ਾ ਕਰਾ ਦੇਣ ਵਾਲੇ ਸਨ।

ਏਕ ਟਰੇ ਇਕ ਆਨ ਅਰੇ ਇਕ ਜੂਝਿ ਗਿਰੇ ਬ੍ਰਿਣ ਖਾਇ ਤ੍ਰਿਯਾ ਕੇ ॥

ਕੋਈ ਟਲ ਜਾਂਦਾ ਸੀ, ਇਕ ਆ ਕੇ ਅੜ ਜਾਂਦਾ ਸੀ ਅਤੇ ਕੋਈ ਰਾਜ ਕੁਮਾਰੀ ਤੋਂ ਜ਼ਖਮ ਖਾ ਕੇ ਜੂਝ ਕੇ ਡਿਗ ਪੈਂਦਾ ਸੀ,

ਛਾਰ ਚੜਾਇ ਕੈ ਅੰਗ ਮਲੰਗ ਰਹੇ ਮਨੌ ਸੋਇ ਪਿਯੇ ਬਿਜਯਾ ਕੇ ॥੮੫॥

ਮਾਨੋ ਸ਼ਰੀਰ ਉਤੇ ਵਿਭੂਤੀ ਮਲ ਕੇ ਮਲੰਗ ਲੋਕ ਭੰਗ ਪੀ ਕੇ ਸੁੱਤੇ ਪਏ ਹੋਣ ॥੮੫॥

ਚੌਪਈ ॥

ਚੌਪਈ:

ਐਸੋ ਬੀਰ ਖੇਤ ਤਹ ਪਰਿਯੋ ॥

ਉਥੇ ਅਜਿਹਾ ਤਕੜਾ ਯੁੱਧ ਹੋਇਆ

ਏਕ ਸੁਭਟ ਜੀਵਤ ਨ ਉਬਰਿਯੋ ॥

ਅਤੇ ਇਕ ਵੀ ਸੂਰਮਾ ਜੀਉਂਦਾ ਨਾ ਬਚਿਆ।

ਦਸ ਹਜਾਰ ਮਾਤੇ ਗਜ ਮਾਰੇ ॥

ਦਸ ਹਜ਼ਾਰ ਮਸਤ ਹਾਥੀ ਮਾਰੇ ਗਏ

ਬੀਸ ਹਜਾਰ ਬਰ ਬਾਜ ਬਿਦਾਰੇ ॥੮੬॥

ਅਤੇ ਵੀਹ ਹਜ਼ਾਰ ਸੁੰਦਰ ਘੋੜੇ ਮਾਰ ਦਿੱਤੇ ਗਏ ॥੮੬॥

ਤੀਸ ਐਤ ਪੈਦਲ ਕਹ ਮਾਰਿਯੋ ॥

ਤਿੰਨ ਲਖ (ਤੀਹ ਦਸ ਹਜ਼ਾਰ) ਪੈਦਲਾਂ ਨੂੰ ਮਾਰ ਦਿੱਤਾ

ਤੇਇਸ ਲਛ ਰਥ ਹਨਿ ਡਾਰਿਯੋ ॥

ਅਤੇ ਤੇਈ ਲਖ ਰਥ ਨਸ਼ਟ ਕਰ ਦਿੱਤੇ।

ਦ੍ਵਾਦਸ ਲਛ ਰਥੀ ਅਤਿ ਮਾਰਿਸ ॥

ਬਾਰ੍ਹਾਂ ਲਖ ਅਤਿ (ਵਿਕਟ) ਰਥਾਂ ਵਾਲੇ

ਮਹਾਰਥੀ ਅਨਗਨਤ ਸੰਘਾਰਸਿ ॥੮੭॥

ਅਤੇ ਅਣਗਿਣਤ ਮਹਾ ਰਥੀ ਮਾਰ ਦਿੱਤੇ ॥੮੭॥

ਦੋਹਰਾ ॥

ਦੋਹਰਾ:

ਸੁਭਟ ਸਿੰਘ ਤਨਹਾ ਬਚਾ ਸਾਥੀ ਰਹਾ ਨ ਏਕ ॥

ਇਕਲਾ ('ਤਨਹਾ') ਸੁਭਟ ਸਿੰਘ ਬਚਿਆ, (ਉਸ ਦਾ) ਇਕ ਵੀ ਸਾਥੀ ਨਾ ਰਿਹਾ।


Flag Counter