ਸ਼੍ਰੀ ਦਸਮ ਗ੍ਰੰਥ

ਅੰਗ - 1170


ਸਰਿਤਾ ਬਹੁਤ ਬਹਤ ਜਿਹ ਬਨ ਮੈ ॥

ਉਸ ਬਨ ਵਿਚ ਬਹੁਤ ਨਦੀਆਂ ਵਗਦੀਆਂ ਸਨ।

ਝਰਨਾ ਚਲਤ ਲਗਤ ਸੁਖ ਮਨ ਮੈ ॥

ਝਰਨੇ ਚਲਦੇ ਸਨ ਜਿਸ ਕਰ ਕੇ ਮਨ ਵਿਚ ਆਨੰਦ ਪ੍ਰਾਪਤ ਹੁੰਦਾ ਸੀ।

ਸੋਭਾ ਅਧਿਕ ਨ ਬਰਨੀ ਜਾਵੈ ॥

ਉਸ ਦੀ ਬਹੁਤ ਅਧਿਕ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਨਿਰਖੇ ਹੀ ਆਭਾ ਬਨਿ ਆਵੈ ॥੯॥

ਉਨ੍ਹਾਂ ਦੀ ਖ਼ੂਬਸੂਰਤੀ ਵੇਖਦਿਆਂ ਹੀ ਬਣਦੀ ਸੀ ॥੯॥

ਤਹ ਹੀ ਜਾਤ ਭਯਾ ਸੋ ਰਾਈ ॥

ਰਾਜਾ ਉਥੇ ਹੀ ਜਾ ਪਹੁੰਚਿਆ,

ਜਾ ਕੀ ਪ੍ਰਭਾ ਨ ਬਰਨੀ ਜਾਈ ॥

ਜਿਸ (ਥਾਂ) ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਮਰਤ ਭਯੋ ਮ੍ਰਿਗਹਿ ਲੈ ਤਹਾ ॥

(ਉਸ ਨੂੰ) ਉਥੇ ਲੈ ਜਾ ਕੇ ਹਿਰਨ ਮਰ ਗਿਆ,

ਦੇਵ ਦੈਂਤ ਜਾ ਨਿਰਖਤ ਜਹਾ ॥੧੦॥

ਜਿਥੇ ਦੇਵਤੇ ਅਤੇ ਦੈਂਤ ਵੇਖ ਰਹੇ ਸਨ ॥੧੦॥

ਦੋਹਰਾ ॥

ਦੋਹਰਾ:

ਦੇਵ ਦਾਨਵਨ ਕੀ ਸੁਤਾ ਜਿਹ ਬਨ ਸੇਵਤ ਨਿਤ੍ਯ ॥

ਦੇਵਤਿਆਂ ਅਤੇ ਦੈਂਤਾ ਦੀਆਂ ਪੁੱਤਰੀਆਂ ਉਸ ਬਨ ਦਾ ਨਿੱਤ ਸੇਵਨ ਕਰਦੀਆਂ ਸਨ

ਸਦਾ ਬਸਾਯੋ ਰਾਖ ਹੀ ਤਾਹਿ ਚਿਤ ਜ੍ਯੋ ਮਿਤ੍ਰਯ ॥੧੧॥

ਅਤੇ ਉਸ ਨੂੰ ਮਿਤਰ ਵਾਂਗ ਸਦਾ ਮਨ ਵਿਚ ਵਸਾਈ ਰਖਦੀਆਂ ਸਨ ॥੧੧॥

ਚੌਪਈ ॥

ਚੌਪਈ:

ਜਛ ਗੰਧ੍ਰਬੀ ਅਤਿ ਉਨਮਦਾ ॥

ਯਕਸ਼ ਅਤੇ ਗੰਧਰਬ ਇਸਤਰੀਆਂ ਬਹੁਤ ਮਸਤ ਹੋ ਕੇ

ਸੇਵਤ ਹੈਂ ਤਿਹ ਬਨ ਕੌ ਸਦਾ ॥

ਇਸ ਬਨ (ਵਿਚ ਵਿਚਰਦੀਆਂ ਹੋਈਆਂ) ਇਸ ਦਾ ਧਿਆਨ ਰਖਦੀਆਂ ਸਨ।

ਨਰੀ ਨਾਗਨੀ ਕੌ ਚਿਤ ਲ੍ਯਾਵੈ ॥

ਉਹ ਨਾਰੀਆਂ ਅਤੇ ਨਾਗ ਕੰਨਿਆਂ ਦੇ ਚਿਤ ਮੋਹ ਲੈਂਦਾ ਸੀ

ਨਟੀ ਨ੍ਰਿਤਕਾ ਕੌਨ ਗਨਾਵੈ ॥੧੨॥

ਅਤੇ ਨੱਚਣ ਵਾਲੀਆਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ॥੧੨॥

ਦੋਹਰਾ ॥

ਦੋਹਰਾ:

ਤਿਨ ਕੀ ਦੁਤਿ ਤਿਨ ਹੀ ਬਨੀ ਕੋ ਕਬਿ ਸਕਤ ਬਤਾਇ ॥

ਉਨ੍ਹਾਂ ਦੀ ਸੁੰਦਰਤਾ ਉਨ੍ਹਾਂ ਵਰਗੀ ਹੀ ਸੀ, ਕੋਈ ਕਵੀ ਕੀ ਬਿਆਨ ਕਰ ਸਕਦਾ ਹੈ।

ਲਖੇ ਲਗਨ ਲਾਗੀ ਰਹੈ ਪਲਕ ਨ ਜੋਰੀ ਜਾਇ ॥੧੩॥

ਉਨ੍ਹਾਂ ਨੂੰ ਵੇਖ ਕੇ ਲਗਨ ਲਗੀ ਰਹਿ ਜਾਂਦੀ ਅਤੇ ਪਲਕਾਂ ਨੂੰ ਜੋੜਿਆ ਤਕ ਨਹੀਂ ਜਾ ਸਕਦਾ ॥੧੩॥

ਚੌਪਈ ॥

ਚੌਪਈ:

ਰਾਜ ਕੁਅਰ ਤਿਨ ਕੌ ਜਬ ਲਹਾ ॥

ਜਦ ਰਾਜ ਕੁੰਵਰ ਨੇ ਉਨ੍ਹਾਂ ਨੂੰ ਵੇਖਿਆ

ਮਨ ਮਹਿ ਅਤਿਹਿ ਬਿਸਮ ਹ੍ਵੈ ਰਹਾ ॥

ਤਾਂ ਮਨ ਵਿਚ ਬਹੁਤ ਹੈਰਾਨ ਹੋ ਗਿਆ।

ਚਿਤ ਭਰਿ ਚੌਪ ਡੀਠ ਇਮਿ ਜੋਰੀ ॥

ਮਨ ਵਿਚ ਬਹੁਤ ਉਲਸਿਤ ਹੋ ਕੇ ਉਨ੍ਹਾਂ ਨਾਲ ਨਜ਼ਰਾਂ ਜੋੜੀਆਂ,

ਜਨੁਕ ਚੰਦ੍ਰ ਕੇ ਸਾਥ ਚਕੋਰੀ ॥੧੪॥

ਮਾਨੋ ਚੰਦ੍ਰਮਾ ਨਾਲ ਚਕੋਰੀ ਜੋੜਦੀ ਹੋਵੇ ॥੧੪॥

ਦੋਹਰਾ ॥

ਦੋਹਰਾ:

ਯਾ ਰਾਜਾ ਕੋ ਰੂਪ ਲਖਿ ਅਟਕਿ ਰਹੀ ਵੈ ਬਾਲ ॥

ਉਸ ਰਾਜੇ ਦਾ ਰੂਪ ਵੇਖ ਕੇ ਉਹ ਇਸਤਰੀਆਂ ਅਟਕ ਕੇ ਰਹਿ ਗਈਆਂ

ਲਲਨਾ ਕੇ ਲੋਇਨ ਨਿਰਖਿ ਸਭ ਹੀ ਭਈ ਗੁਲਾਲ ॥੧੫॥

ਅਤੇ ਪ੍ਰੀਤਮ ਦੀਆਂ ਅੱਖੀਆਂ ਵੇਖ ਕੇ ਸਭ ਹੀ ਲਾਲੋ ਲਾਲ ਹੋ ਗਈਆਂ ॥੧੫॥

ਚੌਪਈ ॥

ਚੌਪਈ:

ਅਟਕਤ ਭਈ ਲਾਲ ਲਖਿ ਬਾਲਾ ॥

ਉਸ ਪ੍ਰਿਯ ਨੂੰ ਵੇਖ ਕੇ ਸਾਰੀਆਂ ਇੰਜ ਅਟਕ ਗਈਆਂ

ਜੈਸੇ ਮਨਿ ਲਾਲਨ ਕੀ ਮਾਲਾ ॥

ਜਿਵੇਂ ਮਣੀਆਂ ਅਤੇ ਹੀਰਿਆਂ ਦੀਆਂ ਮਾਲਾਵਾਂ ਹਨ।

ਕਹਿਯੋ ਚਹਤ ਕਛੁ ਤਊ ਲਜਾਵੈ ॥

(ਉਹ) ਕੁਝ ਕਹਿਣਾ ਚਾਹੁੰਦੀਆਂ ਸਨ, ਪਰ ਲਜਾਉਂਦੀਆਂ ਸਨ।

ਚਲਿ ਚਲਿ ਤੀਰ ਕੁਅਰ ਕੇ ਆਵੈ ॥੧੬॥

ਫਿਰ ਵੀ ਚਲ ਚਲ ਕੇ ਕੁੰਵਰ ਦੇ ਨੇੜੇ ਆ ਰਹੀਆਂ ਸਨ ॥੧੬॥

ਕੈ ਕੁਰਬਾਨ ਲਲਾ ਮਨ ਡਾਰੈ ॥

ਪ੍ਰਿਯ ਤੋਂ ਮਨ ਕੁਰਬਾਨ ਕਰ ਦਿੱਤੇ

ਭੂਖਨ ਚੀਰ ਪਟੰਬਰ ਵਾਰੈ ॥

ਅਤੇ ਗਹਿਣੇ, ਬਸਤ੍ਰ ਅਤੇ ਰੇਸ਼ਮੀ ਦੁਪਟੇ ਵਾਰ ਦਿੱਤੇ।

ਫੂਲ ਪਾਨ ਕੋਊ ਲੈ ਆਵੈ ॥

ਕੋਈ ਫੁਲ ਅਤੇ ਪਾਨ ਲਿਆ ਰਹੀ ਸੀ

ਭਾਤਿ ਭਾਤਿ ਸੌ ਗੀਤਨ ਗਾਵੈ ॥੧੭॥

ਅਤੇ ਭਾਂਤ ਭਾਂਤ ਦੇ ਗੀਤ ਗਾ ਰਹੀ ਸੀ ॥੧੭॥

ਦੋਹਰਾ ॥

ਦੋਹਰਾ:

ਨਿਰਖਿ ਨ੍ਰਿਪਤ ਕੀ ਅਤਿ ਪ੍ਰਭਾ ਰੀਝ ਰਹੀ ਸਭ ਨਾਰਿ ॥

ਰਾਜੇ ਦੀ ਅਤਿ ਅਧਿਕ ਪ੍ਰਭਾ ਨੂੰ ਵੇਖ ਕੇ ਸਭ ਨਾਰੀਆਂ ਮੋਹਿਤ ਹੋ ਰਹੀਆਂ ਸਨ।

ਭੂਖਨ ਚੀਰ ਪਟੰਬ੍ਰ ਸਭ ਦੇਇ ਛਿਨਿਕ ਮਹਿ ਵਾਰ ॥੧੮॥

ਸਭ ਗਹਿਣੇ, ਬਸਤ੍ਰ ਅਤੇ ਰੇਸ਼ਮੀ ਦੁਪਟੇ ਛਿਣ ਵਿਚ ਵਾਰ ਦਿੱਤੇ ਸਨ ॥੧੮॥

ਜਨੁ ਕੁਰੰਗਨਿ ਨਾਦ ਧੁਨਿ ਰੀਝਿ ਰਹੀ ਸੁਨਿ ਕਾਨ ॥

ਮਾਨੋ ਹਿਰਨੀ ਨਾਦ ਕੰਨ ਨਾਲ ਸੁਣ ਕੇ ਰੀਝ ਰਹੀ ਹੋਵੇ,

ਤ੍ਯੋਂ ਅਬਲਾ ਬੇਧੀ ਸਕਲ ਬਧੀ ਬਿਰਹ ਕੇ ਬਾਨ ॥੧੯॥

ਉਸੇ ਤਰ੍ਹਾਂ ਸਾਰੀਆਂ ਇਸਤਰੀਆਂ ਬਿਰਹੋਂ ਦੇ ਬਾਣ ਨਾਲ ਵਿੰਨ੍ਹੀਆਂ ਗਈਆਂ ਸਨ ॥੧੯॥

ਸਭ ਰੀਝੀ ਲਖਿ ਰਾਇ ਛਬਿ ਦਿਤਿਯਾਦਿਤਿ ਕੁਮਾਰਿ ॥

ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਸਭ ਦੇਵ ਦਾਨਵ ਇਸਤਰੀਆਂ ਰੁਚਿਤ ਹੋ ਗਈਆਂ।

ਕਿੰਨ੍ਰਨਿ ਜਛ ਭੁਜੰਗਜਾ ਮੋਹਿ ਰਹੀ ਸਭ ਨਾਰਿ ॥੨੦॥

ਕਿੰਨਰਾਂ, ਯਕਸ਼ਾਂ ਅਤੇ ਨਾਗਾਂ ਦੀਆਂ ਪੁੱਤਰੀਆਂ, ਸਭ ਇਸਤਰੀਆਂ ਮੋਹਿਤ ਹੋ ਗਈਆਂ ॥੨੦॥

ਚੌਪਈ ॥

ਚੌਪਈ:

ਸਭ ਅਬਲਾ ਇਹ ਭਾਤਿ ਬਿਚਾਰੈ ॥

ਸਾਰੀਆਂ ਇਸਤਰੀਆਂ ਇਸ ਤਰ੍ਹਾਂ ਸੋਚ ਰਹੀਆਂ ਸਨ

ਜੋਰ ਡੀਠ ਨ੍ਰਿਪ ਓਰ ਨਿਹਾਰੈ ॥

ਅਤੇ ਨਜ਼ਰਾਂ ਟਿਕਾ ਕੇ ਰਾਜੇ ਵਲ ਵੇਖ ਰਹੀਆਂ ਸਨ।

ਕੈ ਹਮ ਆਜੁ ਇਹੀ ਕਰ ਬਰਿਹੈ ॥

ਜਾਂ ਤਾਂ ਅਸੀਂ ਅਜ ਇਸ ਨੂੰ ਵਰ ਲਵਾਂਗੀਆਂ

ਨਾਤਰ ਇਹੀ ਛੇਤ੍ਰ ਪਰ ਮਰਿਹੈ ॥੨੧॥

ਜਾਂ ਫਿਰ ਇਸੇ ਥਾਂ ਤੇ ਜਾਨ ਦੇ ਦਿਆਂਗੀਆਂ ॥੨੧॥


Flag Counter