ਇਕ ਇਸਤਰੀ ਨੂੰ ਆਪਣੇ ਕੋਲ ਬੁਲਾਇਆ ॥੨॥
(ਉਸ ਨੇ) ਇਕ ਰਾਜ ਕੁਮਾਰੀ ਨੂੰ ਵੇਖਿਆ
ਅਤੇ ਉਸ ਨੂੰ ਵਰਨ ਲਈ ਰਾਜੇ ਨੂੰ ਕਿਹਾ।
ਉਸ ਨੂੰ ਰਾਜੇ ਦੇ ਨਗਰ ਵਿਚ ਲਿਆਂਦਾ,
ਪਰ ਰੋਪੇਸ਼੍ਵਰ ਦੇ ਮਨ ਨੂੰ (ਉਹ) ਚੰਗੀ ਨਾ ਲਗੀ ॥੩॥
ਲੋਕੀਂ ਕਹਿ ਥਕੇ ਪਰ (ਰਾਜੇ ਨੇ) ਵਿਆਹ ਨਾ ਕੀਤਾ
ਅਤੇ ਉਸ ਨੂੰ ਚਿਤ ਤੋਂ ਭੁਲਾ ਦਿੱਤਾ।
ਉਸ ਹਠੀਲੀ ਇਸਤਰੀ ਨੇ ਹਠ ਕਰੀ ਰਖਿਆ
ਅਤੇ ਉਸ ਦੇ ਦੁਆਰ ਉਤੇ ਬਹੁਤ ਵਰ੍ਹਿਆਂ ਤਕ ਬੈਠੀ ਰਹੀ ॥੪॥
ਸਵੈਯਾ:
ਰੁਪੇਸ਼੍ਵਰ ਰਾਜੇ ਉਤੇ ਰਾਜ ਕੁਮਾਰੀ ਦੇ (ਪਿਤਾ) ਰਾਜੇ ਨੇ ਕ੍ਰੋਧ ਕਰ ਕੇ ਹਮਲਾ ਕਰ ਦਿੱਤਾ।
ਜਦ (ਰੁਪੇਸ਼੍ਵਰ) ਨੇ ਇਹ ਗੱਲ ਸੁਣੀ ਤਾਂ (ਉਸ ਨੇ) ਜਿਤਨੀ ਸੈਨਾ ਸੀ, ਉਸ ਨੂੰ ਬੁਲਾ ਲਿਆ
ਅਤੇ ਨਗਾਰੇ ਤੇ ਧੌਂਸੇ ਵਜਾ ਕੇ ਅਤੇ ਕ੍ਰੋਧ ਵਿਚ ਭਰ ਕੇ ਘੋੜੇ ਨਚਾਉਂਦੇ ਹੋਇਆਂ ਦਲ ਜੋੜ ਕੇ (ਇਉਂ) ਚੜ੍ਹ ਆਇਆ
ਮਾਨੋ ਬ੍ਰਹਮ ਕੁਮਾਰ (ਬ੍ਰਹਮ ਪੁੱਤਰ) ਦਰਿਆ ਦੀਆਂ ਹਜ਼ਾਰਾਂ ਧਾਰਾਵਾਂ ਸਮੁੰਦਰ ('ਜਲ-ਰਾਸਿ') ਨੂੰ ਮਿਲਣ ਲਈ ਚਲ ਪਈਆਂ ਹੋਣ ॥੫॥
ਚੌਪਈ:
ਦੋਹਾਂ ਪਾਸਿਆਂ ਤੋਂ ਬੇਸ਼ੁਮਾਰ ਸੂਰਮੇ ਉਮਡ ਪਏ ਹਨ
ਅਤੇ ਕ੍ਰੋਧ ਨਾਲ ਕਮਾਨਾਂ ਖਿਚ ਕੇ ਤੀਰ ਛਡਦੇ ਹਨ।
ਰਣ-ਭੂਮੀ ਵਿਚ ਵੱਡੇ ਵੱਡੇ ਸੂਰਮੇ ਧੁਕ-ਧੁਕ ਕਰ ਕੇ ਡਿਗਦੇ ਹਨ
ਅਤੇ ਕ੍ਰਿਪਾਨਾਂ ਨਾਲ ਕਟ ਕਟ ਕੇ ਮਾਰ ਦਿੱਤੇ ਗਏ ਹਨ ॥੬॥
ਰਣ-ਭੂਮੀ ਵਿਚ ਭੂਤ ਪ੍ਰੇਤ ਨਚਣ ਲਗੇ ਹਨ
ਅਤੇ ਗਿਦੜ ਤੇ ਗਿਰਝਾਂ ਮਾਸ (ਖਿਚ ਖਿਚ ਕੇ) ਲੈ ਜਾ ਰਹੀਆਂ ਹਨ।
ਕਰੜੇ ਸੂਰਮੇ ਲੜ ਲੜ ਕੇ ਕਟੇ ਜਾ ਰਹੇ ਹਨ
ਅਤੇ ਅਪੱਛਰਾਵਾਂ ਨੂੰ ਵਰ ਕੇ ਸਵਰਗ ਵਿਚ ਵਸ ਰਹੇ ਹਨ ॥੭॥
ਦੋਹਰਾ:
ਬਜ੍ਰ ਵਰਗੇ ਬਾਣ ਅਤੇ ਬਰਛੇ ਲੈ ਕੇ ਸੂਰਮੇ ਆਹਮੋ ਸਾਹਮਣੇ ਲੜ ਰਹੇ ਹਨ
ਅਤੇ ਝਟਪਟ ਹੀ ਧਰਤੀ ਉਤੇ ਡਿਗਦੇ ਹਨ ਅਤੇ ਸਵਰਗ ਵਿਚ ਜਾ ਵਸਦੇ ਹਨ ॥੮॥
ਸਵੈਯਾ:
ਯੁੱਧ-ਭੂਮੀ ਵਿਚ ਭਿਆਨਕ ਹਥਿਆਰ ਚਲੇ ਹਨ; ਕੌਣ ਦੂਜਾ ਹੈ ਜੋ ਉਥੇ ਠਹਿਰ ਸਕੇ।
ਅਨੇਕ ਘੋੜੇ, ਪੈਦਲ, ਰਥਵਾਨ, ਰਥ, ਹਾਥੀ (ਰਣ-ਖੇਤਰ ਵਿਚ) ਮਾਰੇ ਗਏ ਹਨ, ਉਨ੍ਹਾਂ ਦੀ ਕੌਣ ਗਿਣਤੀ ਕਰੇ।
ਕ੍ਰਿਪਾਨਾਂ, ਸੈਹੱਥੀਆਂ, ਤ੍ਰੈਸ਼ੂਲਾਂ, ਚਕ੍ਰਾਂ ਦਾ (ਉਥੇ) ਢੇਰ ਲਗ ਗਿਆ ਹੈ, ਉਨ੍ਹਾਂ ਦੀ (ਗਿਣਤੀ) ਕੋਈ ਮਨ ਵਿਚ (ਕਿਵੇਂ) ਲਿਆਵੇ।
ਜੋ ਕ੍ਰੋਧ ਕਰ ਕੇ ਰਣ ਵਿਚ ਮਾਰੇ ਗਏ, ਉਹ ਫਿਰ ਸੰਸਾਰ ਵਿਚ ਨਹੀਂ ਆਉਂਦੇ ਹਨ ॥੯॥
ਢਾਲ, ਗਦਾ, ਕੁਹਾੜਾ, ਪੱਟਾ ਅਤੇ ਭਿਆਨਕ ਤ੍ਰਿਸ਼ੂਲਾਂ ਨੂੰ ਹੱਥ ਵਿਚ ਲੈ ਕੇ
ਅਤੇ ਬਰਛੀ, ਜਮਧਾੜ, ਛੁਰੀ, ਤਲਵਾਰ ਆਦਿ ਕਢ ਕੇ ਹਜ਼ਾਰਾਂ (ਸੂਰਮੇ) ਲੈ ਕੇ ਖਹਿੰਦੇ ਹੋਏ ਚਲ ਪਏ ਹਨ।
'ਜਗਤ ਵਿਚ ਜੀਉਣਾ ਚਾਰ ਦਿਨ ਦਾ ਹੈ' ਇਹ ਕਹਿ ਕੇ ਘੋੜੇ ਨਚਾਉਂਦੇ ਹੋਏ (ਅਗੇ) ਵਧਦੇ ਹਨ।
ਮਨ ਵਿਚ ਕ੍ਰੋਧ ਨਾਲ ਭਰੇ ਹੋਏ ਸੂਰਮੇ ਵੈਰੀਆਂ ਤੋਂ ਸ਼ਰੀਰ ਉਤੇ ਜ਼ਖ਼ਮ ਸਹਿ ਕੇ (ਪਿਛੇ ਨਹੀਂ ਹਟਦੇ ਹਨ) ॥੧੦॥
ਕਵੀ ਸ਼ਿਆਮ ਕਹਿੰਦੇ ਹਨ ਕਿ ਦੋਹਾਂ ਪਾਸਿਆਂ ਦੇ ਸੂਰਮੇ ਮੂੰਹ ਉਪਰ ਢਾਲਾਂ ਕਰ ਕੇ (ਆਪਸ ਵਿਚ) ਜੁਟ ਗਏ ਹਨ।
ਜੁਆਨਾਂ ਵਲੋਂ ਕਮਾਨਾਂ ਵਿਚ ਮਠੇ ਸਾਣ ਉਤੇ ਚੜ੍ਹਾਏ ਹੋਏ ਬੇਸ਼ੁਮਾਰ ਬਾਣ ਛਡੇ ਗਏ ਹਨ।
ਕਿਤੇ ਰਾਜੇ ਮਰੇ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਅਨੇਕ ਰਥਵਾਨ ਮਰੇ ਪਏ ਹਨ ਅਤੇ ਕਿਤੇ ਰਥ ਟੁਟੇ ਪਏ ਹਨ।
ਪੌਣ ਵਾਂਗ ਚਲਦੇ ਸੂਰਮਿਆਂ ਦੇ ਸਾਹਮਣੇ (ਵੈਰੀ ਰੂਪੀ) ਬਦਲ ਫਟ ਚਲੇ ਹਨ ॥੧੧॥
ਸੂਰਮੇ ਕਤਾਰਾਂ ਬੰਨ੍ਹ ਕੇ ਉਮਡੇ ਹਨ ਅਤੇ ਚਕ੍ਰਾਂ ਅਤੇ ਬੰਦੂਕਾਂ ਦੀਆਂ ਚੋਟਾਂ ਲਗਦੀਆਂ ਹਨ।
ਤਕੜੇ ਸੂਰਮਿਆਂ ਦੀਆਂ ਛਾਤੀਆਂ ਬਾਣਾਂ ਨਾਲ ਬਰਮੇ ਦੁਆਰਾ ਚੰਦਨ ਦੀ ਲਕੜੀ ਵਿਚ ਛੇਕ ਕਰਨ ਵਾਂਗ ਚੀਰੀਆਂ ਜਾ ਰਹੀਆਂ ਹਨ।
ਸਿਰ ਤੋਂ, ਪੈਰਾਂ ਤੋਂ ਅਤੇ ਲਕ ਤੋਂ ਕਟੇ ਹੋਏ ਕਾਲੇ ਹਿਰਨ ('ਕਰਿ ਸਾਇਲ') ਵਾਂਗ ਡਿਗ ਰਹੇ ਹਨ।
(ਉਸ ਨੇ) ਬਹੁਤ ਦਲ ਜੋੜ ਕੇ ਅਤੇ ਮਹਾਨ ਦੁਸ਼ਟਾਂ ਨੂੰ ਤੋੜ ਕੇ ਵੈਰੀ ਦੀਆਂ ਦੀਵਾਰਾਂ ਨੂੰ ਤੋੜ ਦਿੱਤਾ ਹੈ ॥੧੨॥
ਚੌਪਈ:
ਇਸ ਤਰ੍ਹਾਂ ਨਾਲ (ਰਾਜੇ ਨੇ) ਰਣ ਜਿਤ ਲਿਆ
ਅਤੇ ਫਿਰ ਘਰ ਦਾ ਰਾਹ ਫੜਿਆ।
ਤਦ ਉਸ ਰਾਜ ਕੁਮਾਰੀ ਨੇ ਵੀ ਇਹ ਗੱਲ ਸੁਣ ਲਈ
ਕਿ ਰਣ ਨੂੰ ਜਿਤ ਕੇ ਰੁਪੇਸ਼੍ਵਰ ਘਰ ਆ ਗਿਆ ਹੈ ॥੧੩॥