ਸ਼੍ਰੀ ਦਸਮ ਗ੍ਰੰਥ

ਅੰਗ - 361


ਕਰਿ ਕੈ ਬਸਿ ਵਾ ਸੰਗਿ ਐਸੇ ਕਹੀ ਕਬਿ ਸ੍ਯਾਮ ਕਹੈ ਜਦੁਰਾਇ ਕਹਾਨੀ ॥

ਕਵੀ ਸ਼ਿਆਮ ਕ੍ਰਿਸ਼ਨ ਦੀ ਕਹਾਣੀ ਕਹਿੰਦੇ ਹਨ, ਉਸ ਨੂੰ (ਆਪਣੇ) ਵਸ ਵਿਚ ਕਰ ਕੇ (ਕ੍ਰਿਸ਼ਨ ਨੇ) ਉਸ ਨਾਲ ਇਸ ਤਰ੍ਹਾਂ ਬੋਲ ਸਾਂਝੇ ਕੀਤੇ ਹਨ।

ਪੈ ਰਸ ਰੀਤਹਿ ਕੀ ਅਤਿ ਹੀ ਜੁ ਹੁਤੀ ਸਮ ਮਾਨਹੁ ਅੰਮ੍ਰਿਤ ਬਾਨੀ ॥

ਪਰ (ਉਹ) ਬੋਲ (ਪ੍ਰੇਮ) ਰਸ ਦੀ ਰੀਤ ਅਨੁਸਾਰ ਮਾਨੋ ਅੰਮ੍ਰਿਤਮਈ ਹੋਣ।

ਤੇਰੋ ਕਹਾ ਬਿਗਰੈ ਬ੍ਰਿਜ ਨਾਰਿ ਕਹਿਯੋ ਇਹ ਭਾਤਿ ਸ੍ਯਾਮ ਗੁਮਾਨੀ ॥

ਹੇ ਬ੍ਰਜ ਦੀ ਇਸਤਰੀ (ਰਾਧਾ!) ਤੇਰਾ ਕੀ ਵਿਗੜਦਾ ਹੈ, ਅਭਿਮਾਨੀ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ,

ਅਉਰ ਸਭੈ ਤ੍ਰੀਯ ਚੇਰਿਨ ਹੈ ਬ੍ਰਿਖਭਾਨ ਸੁਤਾ ਤਿਨ ਮੈ ਤੂ ਰਾਨੀ ॥੬੭੦॥

ਹੇ ਰਾਧਾ! ਹੋਰ ਸਾਰੀਆਂ ਇਸਤਰੀਆਂ (ਗੋਪੀਆਂ) ਤੇਰੀਆਂ ਦਾਸੀਆਂ ਹਨ ਅਤੇ ਉਨ੍ਹਾਂ ਵਿਚ ਤੂੰ ਰਾਣੀ ਹੈਂ ॥੬੭੦॥

ਜਹਾ ਚੰਦ ਕੀ ਚਾਦਨੀ ਛਾਜਤ ਹੈ ਜਹਾ ਪਾਤ ਚੰਬੇਲੀ ਕੇ ਸੇਜ ਡਹੀ ਹੈ ॥

ਜਿਥੇ ਚੰਦ ਦੀ ਚਾਨਣੀ ਪਸਰੀ ਹੋਈ ਹੈ ਅਤੇ ਜਿਥੇ ਚੰਬੇਲੀ ਦੇ ਪੱਤਰਾਂ ਦੀ ਸੇਜ ਵਿਛੀ ਹੈ।

ਸੇਤ ਜਹਾ ਗੁਲ ਰਾਜਤ ਹੈ ਜਿਹ ਕੇ ਜਮੁਨਾ ਢਿਗ ਆਇ ਬਹੀ ਹੈ ॥

ਜਿਥੇ ਸਫ਼ੈਦ ਫੁਲ ਸ਼ੋਭਾ ਪਾ ਰਹੇ ਹਨ ਅਤੇ ਜਿਥੇ ਨੇੜੇ ਹੀ ਜਮਨਾ ਵਗ ਰਹੀ ਹੈ।

ਤਾਹੀ ਸਮੈ ਹਰਿ ਰਾਧੇ ਗ੍ਰਸੀ ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ ॥

ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਲਾਵੇ ਵਿਚ ਲੈ ਲਿਆ। ਉਸ ਦੀ ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ।

ਸੇਤ ਤ੍ਰੀਯਾ ਤਨ ਸ੍ਯਾਮ ਹਰੀ ਮਨੋ ਸੋਮ ਕਲਾ ਇਹ ਰਾਹੁ ਗਹੀ ਹੈ ॥੬੭੧॥

ਇਸਤਰੀ (ਰਾਧਾ) ਗੋਰੀ ਹੈ ਅਤੇ ਕਾਲੇ ਸ਼ਰੀਰ ਵਾਲਾ ਕ੍ਰਿਸ਼ਨ ਹੈ, ਮਾਨੋ ਚੰਦ੍ਰਮਾ ਦੀ ਕਲਾ ਨੂੰ ਰਾਹੂ ਨੇ ਗ੍ਰਸ ਲਿਆ ਹੋਵੇ ॥੬੭੧॥

ਤਿਹ ਕੋ ਹਰਿ ਜੂ ਫਿਰਿ ਛੋਰਿ ਦਯੋ ਸੋਊ ਕੁੰਜ ਗਲੀ ਕੇ ਬਿਖੈ ਬਨ ਮੈ ॥

ਉਸ ਨੂੰ ਸ੍ਰੀ ਕ੍ਰਿਸ਼ਨ ਨੇ ਫਿਰ ਬਨ ਦੀਆਂ ਕੁੰਜ ਗਲੀਆਂ ਵਿਚ ਛਡ ਦਿੱਤਾ।

ਫਿਰਿ ਗ੍ਵਾਰਿਨ ਮੈ ਸੋਊ ਜਾਇ ਮਿਲੀ ਅਤਿ ਆਨੰਦ ਕੈ ਅਪੁਨੇ ਤਨ ਮੈ ॥

ਆਪਣੇ ਤਨ ਵਿਚ ਬਹੁਤ ਆਨੰਦ ਮਾਣ ਕੇ ਉਹ ਫਿਰ ਜਾ ਕੇ ਗੋਪੀਆਂ ਵਿਚ ਮਿਲ ਗਈ।

ਅਤਿ ਤਾ ਛਬਿ ਕੀ ਉਪਮਾ ਹੈ ਕਹੀ ਉਪਜੀ ਜੁ ਕੋਊ ਕਬਿ ਕੈ ਮਨ ਮੈ ॥

ਉਸ ਵੇਲੇ ਦੀ ਛਬੀ ਦੀ ਉਪਮਾ ਜੋ ਕਵੀ ਦੇ ਮਨ ਵਿਚ ਪੈਦਾ ਹੋਈ, ਉਹ ਇਸ ਤਰ੍ਹਾਂ ਕਹੀ ਹੈ।

ਮਨੋ ਕੇਹਰਿ ਤੇ ਛੁਟਵਾਇ ਮਿਲੀ ਮ੍ਰਿਗਨੀ ਕੋ ਮਨੋ ਮ੍ਰਿਗੀਯਾ ਬਨ ਮੈ ॥੬੭੨॥

ਮਾਨੋ ਸ਼ੇਰ ਕੋਲੋਂ ਛੁੜਵਾ ਕੇ ਹਿਰਨੀ ਬਨ ਵਿਚ ਜਾ ਕੇ ਹਿਰਨਾਂ ਦੀ ਟੋਲੀ ਵਿਚ ਮਿਲ ਗਈ ਹੋਵੇ ॥੬੭੨॥

ਫਿਰਿ ਜਾਇ ਕੈ ਗ੍ਵਾਰਿਨ ਮੈ ਹਰਿ ਜੂ ਅਤਿ ਹੀ ਇਕ ਸੁੰਦਰ ਖੇਲ ਮਚਾਯੋ ॥

ਫਿਰ ਗੋਪੀਆਂ ਵਿਚ ਜਾ ਕੇ ਕ੍ਰਿਸ਼ਨ ਜੀ ਨੇ ਇਕ ਸੁੰਦਰ ਖੇਲ ਸ਼ੁਰੂ ਕਰ ਦਿੱਤਾ।

ਚੰਦ੍ਰਭਗਾ ਹੂੰ ਕੇ ਹਾਥ ਪੈ ਹਾਥ ਧਰਿਯੋ ਅਤਿ ਸਹੀ ਮਨ ਮੈ ਸੁਖੁ ਪਾਯੋ ॥

ਚੰਦ੍ਰਭਗਾ ਦੇ ਹੱਥ ਉਤੇ (ਆਪਣਾ) ਹੱਥ ਧਰ ਦਿੱਤਾ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਗਾਵਤ ਗ੍ਵਾਰਿਨ ਹੈ ਸਭ ਗੀਤ ਜੋਊ ਉਨ ਕੈ ਮਨ ਭੀਤਰ ਭਾਯੋ ॥

ਸਾਰੀਆਂ ਗੋਪੀਆਂ (ਉਹ) ਗੀਤ ਗਾਉਂਦੀਆਂ ਹਨ ਜੋ ਉਨ੍ਹਾਂ ਦੇ ਮਨ ਨੂੰ ਬਹੁਤ ਚੰਗੇ ਲਗਦੇ ਹਨ।

ਸ੍ਯਾਮ ਕਹੈ ਮਨਿ ਆਨੰਦ ਕੈ ਮਨ ਕੋ ਫੁਨਿ ਸੋਕ ਸਭੈ ਬਿਸਰਾਯੋ ॥੬੭੩॥

(ਕਵੀ) ਸ਼ਿਆਮ ਕਹਿੰਦੇ ਹਨ, ਮਨ ਵਿਚ ਆਨੰਦਿਤ ਹੋ ਕੇ, ਮਨ ਦੇ ਸਾਰੇ ਗ਼ਮ ਦੂਰ ਕਰ ਦਿੱਤੇ ਹਨ ॥੬੭੩॥

ਹਰਿ ਨਾਚਤ ਨਾਚਤ ਗ੍ਵਾਰਿਨ ਮੈ ਹਸਿ ਚੰਦ੍ਰਭਗਾ ਹੂੰ ਕੀ ਓਰਿ ਨਿਹਾਰਿਯੋ ॥

ਸ੍ਰੀ ਕ੍ਰਿਸ਼ਨ ਨੇ ਗੋਪੀਆਂ ਵਿਚ ਨਚਦਿਆਂ ਨਚਦਿਆਂ ਹਸ ਕੇ ਚੰਦ੍ਰਭਗਾ ਵਲ ਵੇਖਿਆ।

ਸੋਊ ਹਸੀ ਇਤ ਤੇ ਏ ਹਸੇ ਜਦੁਰਾ ਤਿਹ ਸੋ ਬਚਨਾ ਹੈ ਉਚਾਰਿਯੋ ॥

ਉਹ ਹਸ ਪਈ, ਇਧਰੋਂ ਇਹ ਵੀ ਹਸ ਪਏ। (ਫਿਰ) ਕ੍ਰਿਸ਼ਨ ਨੇ ਉਸ ਨੂੰ ਇਹ ਬਚਨ ਕਹੇ, (ਹੇ ਚੰਦ੍ਰਭਗਾ!)

ਮੇਰੋ ਮਹਾ ਹਿਤ ਹੈ ਤੁਮ ਸੋ ਬ੍ਰਿਖਭਾਨ ਸੁਤਾ ਇਹ ਹੇਰਿ ਬਿਚਾਰਿਯੋ ॥

ਮੇਰਾ ਤੇਰੇ ਨਾਲ ਬਹੁਤ ਪਿਆਰ ਹੈ। ਰਾਧਾ ਨੇ ਇਹ (ਸਾਰਾ ਕੁਝ) ਵੇਖ ਕੇ (ਆਪਣੇ ਮਨ ਵਿਚ ਇਸ ਤਰ੍ਹਾਂ) ਵਿਚਾਰ ਕੀਤਾ।

ਆਨਿ ਤ੍ਰਿਯਾ ਸੰਗਿ ਹੇਤ ਕਰਿਯੋ ਹਮ ਊਪਰ ਤੇ ਹਰਿ ਚੇਤ ਬਿਸਾਰਿਯੋ ॥੬੭੪॥

(ਸ੍ਰੀ ਕ੍ਰਿਸ਼ਨ ਨੇ) ਹੋਰ ਇਸਤਰੀ ਨਾਲ ਪ੍ਰੇਮ ਪਾ ਲਿਆ ਹੈ ਅਤੇ ਮੇਰੇ ਪ੍ਰਤਿ ਪ੍ਰੇਮ (ਦੀ ਭਾਵਨਾ) ਭੁਲਾ ਦਿੱਤੀ ਹੈ ॥੬੭੪॥

ਹਰਿ ਰਾਧਿਕਾ ਆਨਨ ਦੇਖਤ ਹੀ ਅਪਨੇ ਮਨ ਮੈ ਇਹ ਭਾਤਿ ਉਚਾਰਿਯੋ ॥

ਕ੍ਰਿਸ਼ਨ ਦਾ ਮੂੰਹ ਵੇਖਦਿਆਂ ਹੀ ਰਾਧਾ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।

ਸ੍ਯਾਮ ਭਏ ਬਸਿ ਅਉਰ ਤ੍ਰਿਯਾ ਤਿਹ ਤੇ ਅਤਿ ਪੈ ਮਨਿ ਮਾਨ ਹੀ ਧਾਰਿਯੋ ॥

ਕ੍ਰਿਸ਼ਨ ਹੋਰ ਇਸਤਰੀ ਦੇ ਵਸ ਵਿਚ ਹੋ ਗਿਆ ਹੈ (ਹੁਣ) ਮਨ ਵਿਚ ਮਾਣ (ਰੋਸਾ) ਹੀ ਧਾਰਨਾ ਚਾਹੀਦਾ ਹੈ।

ਆਨੰਦ ਥੋ ਜਿਤਨੋ ਮਨ ਮੈ ਤਿਤਨੋ ਇਹ ਭਾਖਿ ਬਿਦਾ ਕਰਿ ਡਾਰਿਯੋ ॥

ਇਹ ਗੱਲ ਕਹਿ ਕੇ ਜਿਤਨਾ ਹੀ ਆਨੰਦ ਮਨ ਵਿਚ ਸੀ, ਉਸ ਨੂੰ ਦੂਰ ਕਰ ਦਿੱਤਾ।

ਚੰਦ੍ਰਭਗਾ ਮੁਖਿ ਚੰਦ ਦੁਤੈ ਸਭ ਗ੍ਵਾਰਿਨ ਤੇ ਘਟ ਮੋਹਿ ਬਿਚਾਰਿਯੋ ॥੬੭੫॥

ਕ੍ਰਿਸ਼ਨ ਨੇ ਚੰਦ੍ਰਭਗਾ, ਚੰਦ੍ਰਮੁਖੀ (ਆਦਿਕ) ਸਾਰੀਆਂ ਗੋਪੀਆਂ ਤੋਂ ਮੈਨੂੰ ਘਟੀਆ ਹੀ ਸਮਝਿਆ ਹੈ ॥੬੭੫॥

ਕਹਿ ਕੈ ਇਹ ਭਾਤਿ ਸੋਊ ਤਬ ਹੀ ਅਪਨੇ ਮਨ ਮੈ ਇਹ ਬਾਤ ਬਿਚਾਰੀ ॥

ਇਸ ਤਰ੍ਹਾਂ (ਆਪਣੇ ਮਨ ਵਿਚ) ਕਹਿ ਕੇ ਉਸ ਨੇ ਆਪਣੇ ਮਨ ਵਿਚ ਇਹ ਗੱਲ ਵਿਚਾਰੀ

ਪ੍ਰੀਤ ਕਰੀ ਹਰਿ ਆਨਹਿ ਸੋ ਤਜਿ ਖੇਲ ਸਭੈ ਉਠਿ ਧਾਮਿ ਸਿਧਾਰੀ ॥

ਕਿ ਕ੍ਰਿਸ਼ਨ ਨੇ ਹੋਰਨਾਂ ਨਾਲ ਪ੍ਰੀਤ ਕਰ ਲਈ ਹੈ। (ਇਸ ਤਰ੍ਹਾਂ ਸੋਚ ਕੇ) ਸਾਰੀ ਖੇਡ ਛਡ ਕੇ ਉਠ ਕੇ ਘਰ ਨੂੰ ਚਲੀ ਗਈ।

ਐਸ ਕਰੀ ਗਨਤੀ ਮਨ ਮੈ ਉਪਮਾ ਤਿਹ ਕੀ ਕਬਿ ਸ੍ਯਾਮ ਉਚਾਰੀ ॥

(ਰਾਧਾ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ ਕੀਤਾ ਜਿਸ ਦੀ ਉਪਮਾ ਕਵੀ ਸ਼ਿਆਮ (ਇਸ ਤਰ੍ਹਾਂ) ਕਹਿੰਦੇ ਹਨ।

ਤ੍ਰੀਯਨ ਬੀਚ ਚਲੈਗੀ ਕਥਾ ਬ੍ਰਿਖਭਾਨੁ ਸੁਤਾ ਬ੍ਰਿਜਨਾਥਿ ਬਿਸਾਰੀ ॥੬੭੬॥

(ਬ੍ਰਜ ਦੀਆਂ) ਇਸਤਰੀਆਂ ਵਿਚ ਇਹ ਗੱਲ ਚਲ ਪਵੇਗੀ ਕਿ ਰਾਧਾ ਨੂੰ ਕ੍ਰਿਸ਼ਨ ਨੇ ਭੁਲਾ ਦਿੱਤਾ ॥੬੭੬॥

ਅਥ ਰਾਧਿਕਾ ਕੋ ਮਾਨ ਕਥਨੰ ॥

ਹੁਣ ਰਾਧਾ ਦੇ ਮਾਣ (ਰੋਸੇ) ਦਾ ਕਥਨ:

ਸਵੈਯਾ ॥

ਸਵੈਯਾ:

ਇਹ ਭਾਤਿ ਚਲੀ ਕਹਿ ਕੈ ਸੁ ਤ੍ਰਿਯਾ ਕਬਿ ਸ੍ਯਾਮ ਕਹੈ ਸੋਊ ਕੁੰਜ ਗਲੀ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਇਸ ਤਰ੍ਹਾਂ ਕਹਿ ਕੇ ਕੁੰਜ ਗਲੀ ਤੋਂ ਤੁਰ ਗਈ।

ਚੰਦਮੁਖੀ ਤਨ ਕੰਚਨ ਸੇ ਸਭ ਗ੍ਵਾਰਿਨ ਤੇ ਜੋਊ ਖੂਬ ਭਲੀ ਹੈ ॥

ਜਿਸ ਦਾ ਮੁਖ ਚੰਦ੍ਰਮਾ ਵਰਗਾ ਹੈ ਅਤੇ ਸੋਨੇ ਵਰਗਾ ਸ਼ਰੀਰ ਹੈ ਅਤੇ ਜੋ ਸਾਰੀਆਂ ਗੋਪੀਆਂ ਵਿਚੋਂ ਬਹੁਤ ਸ੍ਰੇਸ਼ਠ ਹੈ।

ਮਾਨ ਕੀਯੋ ਨਿਖਰੀ ਤਿਨ ਤੇ ਮ੍ਰਿਗਨੀ ਸੀ ਮਨੋ ਸੁ ਬਿਨਾ ਹੀ ਅਲੀ ਹੈ ॥

(ਉਸ ਨੇ) ਮਾਣ ਕਰ ਲਿਆ ਹੈ (ਅਤੇ ਸਾਰਿਆਂ ਨਾਲੋਂ) ਨਿਖੜ ਗਈ ਹੈ, ਮਾਨੋ (ਟੋਲੀ ਤੋਂ ਨਿਖੜੀ ਹੋਈ) ਹਿਰਨੀ ਵਾਂਗ ਬਿਨਾ ਸਖੀ ਦੇ ਹੋਵੇ।

ਯੌ ਉਪਜੀ ਉਪਮਾ ਮਨ ਮੈ ਪਤਿ ਸੋ ਰਤਿ ਮਾਨਹੁ ਰੂਠਿ ਚਲੀ ਹੈ ॥੬੭੭॥

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ, ਮਾਨੋ ਪਤੀ (ਕਾਮਦੇਵ) ਨਾਲੋਂ 'ਰਤਿ' ਰੁਸ ਕੇ ਚਲੀ ਹੋਵੇ ॥੬੭੭॥

ਇਤ ਤੇ ਹਰਿ ਖੇਲਤ ਰਾਸ ਬਿਖੈ ਬ੍ਰਿਖਭਾਨ ਸੁਤਾ ਕਰਿ ਪ੍ਰੀਤਿ ਨਿਹਾਰੀ ॥

ਇਧਰ ਰਾਸ ਵਿਚ ਖੇਡਦਿਆਂ ਸ੍ਰੀ ਕ੍ਰਿਸ਼ਨ ਨੇ ਪ੍ਰੇਮ ਪੂਰਵਕ ਰਾਧਾ ਵਲ ਵੇਖਿਆ। ਕਵੀ ਸ਼ਿਆਮ ਕਹਿੰਦੇ ਹਨ,

ਪੇਖ ਰਹਿਯੋ ਨ ਪਿਖੀ ਤਿਨ ਮੈ ਕਬਿ ਸ੍ਯਾਮ ਕਹੈ ਜੁ ਹੁਤੀ ਸੋਊ ਪਿਆਰੀ ॥

(ਕ੍ਰਿਸ਼ਨ) ਵੇਖ ਰਹੇ ਹਨ, ਪਰ ਉਨ੍ਹਾਂ ਵਿਚ ਉਹ ਨਾ ਦਿਖਾਈ ਦਿੱਤੀ, ਜੋ ਉਨ੍ਹਾਂ ਨੂੰ ਬਹੁਤ ਪਿਆਰੀ ਸੀ।

ਚੰਦ੍ਰਪ੍ਰਭਾ ਸਮ ਜਾ ਮੁਖ ਹੈ ਤਨ ਕੰਚਨ ਸੋ ਅਤਿ ਸੁੰਦਰ ਨਾਰੀ ॥

ਜਿਸ ਦਾ ਮੁਖ ਚੰਦ੍ਰਮਾ ਦੀ ਚਮਕ ਵਾਲਾ ਹੈ ਅਤੇ ਸੋਨੇ ਵਰਗਾ ਸ਼ਰੀਰ ਹੈ, ਉਹ ਬਹੁਤ ਹੀ ਸੁੰਦਰ ਇਸਤਰੀ ਹੈ।

ਕੈ ਗ੍ਰਿਹਿ ਮਾਨ ਕੈ ਨੀਦ ਗਈ ਕਿ ਕੋਊ ਉਨਿ ਮਾਨ ਕੀ ਬਾਤ ਬਿਚਾਰੀ ॥੬੭੮॥

ਜਾਂ ਉਹ ਨੀਂਦਰ (ਦਾ ਜ਼ੋਰ) ਮੰਨ ਕੇ ਘਰ ਨੂੰ ਚਲੀ ਗਈ ਹੈ ਜਾਂ ਉਸ ਨੇ ਕੋਈ 'ਮਾਣ' ਦੀ ਗੱਲ ਵਿਚਾਰੀ ਹੈ ॥੬੭੮॥

ਕਾਨ੍ਰਹ ਬਾਚ ॥

ਕਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਬਿਜਛਟਾ ਜਿਹ ਨਾਮ ਸਖੀ ਕੋ ਹੈ ਸੋਊ ਸਖੀ ਜਦੁਰਾਇ ਬੁਲਾਈ ॥

ਜਿਸ ਸਖੀ ਦਾ ਨਾਂ 'ਬਿਜਛਟਾ' ਹੈ, ਉਸ ਸਖੀ ਨੂੰ ਸ੍ਰੀ ਕ੍ਰਿਸ਼ਨ ਨੇ ਬੁਲਾਇਆ।

ਅੰਗ ਪ੍ਰਭਾ ਜਿਹ ਕੰਚਨ ਸੀ ਜਿਹ ਤੇ ਮੁਖ ਚੰਦ ਛਟਾ ਛਬਿ ਪਾਈ ॥

ਜਿਸ ਦਾ ਸ਼ਰੀਰ ਸੋਨੇ ਰੰਗਾ ਸੀ ਅਤੇ ਜਿਸ ਦੇ ਮੂੰਹ ਉਤੇ ਚਾਂਦਨੀ ਵਰਗੀ ਸੁੰਦਰਤਾ ਹੈ।

ਤਾ ਸੰਗਿ ਐਸੇ ਕਹਿਯੋ ਹਰਿ ਜੂ ਸੁਨ ਤੂ ਬ੍ਰਿਖਭਾਨ ਸੁਤਾ ਪਹਿ ਜਾਈ ॥

ਉਸ ਨੂੰ ਕਿਸ਼ਨ ਨੇ ਇਸ ਤਰ੍ਹਾਂ ਕਿਹਾ, (ਹੇ ਸਖੀ!) ਸੁਣ, ਤੂੰ ਰਾਧਾ ਕੋਲ ਜਾ।

ਪਾਇਨ ਪੈ ਬਿਨਤੀਅਨ ਕੈ ਅਤਿ ਹੇਤ ਕੇ ਭਾਵ ਸੋ ਲਿਆਉ ਮਨਾਈ ॥੬੭੯॥

ਪੈਰੀਂ ਪੈ ਕੇ, ਬੇਨਤੀਆਂ ਕਰ ਕੇ ਅਤੇ ਬਹੁਤ ਹੀ ਪ੍ਰੇਮ ਭਾਵ ਜਤਾ ਕੇ (ਕਿਸੇ ਤਰ੍ਹਾਂ ਉਸ ਨੂੰ) ਮਨਾ ਕੇ ਲੈ ਆ ॥੬੭੯॥

ਜਦੁਰਾਇ ਕੀ ਸੁਨ ਕੈ ਬਤੀਆ ਬ੍ਰਿਖਭਾਨ ਸੁਤਾ ਜੋਊ ਬਾਲ ਭਲੀ ਹੈ ॥

ਉਸ ਨੇ ਕ੍ਰਿਸ਼ਨ ਦੀ ਗੱਲ ਸੁਣ ਕੇ, ਜੋ ਬਹੁਤ ਚੰਗੀ ਇਸਤਰੀ ਰਾਧਾ ਹੈ,

ਰੂਪ ਮਨੋ ਸਮ ਸੁੰਦਰ ਮੈਨ ਕੇ ਮਾਨਹੁ ਸੁੰਦਰਿ ਕੰਜ ਕਲੀ ਹੈ ॥

ਜਿਸ ਦਾ ਰੂਪ ਮਾਨੋ ਕਾਮਦੇਵ ਵਰਗਾ ਸੁੰਦਰ ਹੈ ਅਤੇ ਕਮਲ ਦੀ ਕਲੀ ਵਾਂਗ ਸੁੰਦਰ ਹੈ,

ਤਾ ਕੇ ਮਨਾਇਬੇ ਕਾਜ ਚਲੀ ਹਰਿ ਕੋ ਫੁਨਿ ਆਇਸ ਪਾਇ ਅਲੀ ਹੈ ॥

ਉਸ ਨੂੰ ਮਨਾਉਣ ਲਈ ਸਖੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ ਚਲੀ ਹੈ।

ਯੋ ਉਪਜੀ ਜੀਯ ਮੈ ਉਪਮਾ ਕਰ ਤੇ ਚਕਈ ਮਨੋ ਛੂਟਿ ਚਲੀ ਹੈ ॥੬੮੦॥

ਉਸ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ, ਮਾਨੋ ਹੱਥ ਵਿਚੋਂ ਚਕਵੀ ਛੁਟ ਕੇ ਉਡ ਚਲੀ ਹੋਵੇ ॥੬੮੦॥