ਸ਼੍ਰੀ ਦਸਮ ਗ੍ਰੰਥ

ਅੰਗ - 4


ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ॥

ਹੇ ਸਾਰਿਆਂ ਜੀਵਾਂ ਦਾ ਕਲਿਆਣ ਕਰਨ ਵਾਲੇ ਅਤੇ ਭਿਆਨਕ ਕਰਮ ਕਰਨ ਵਾਲੇ,

ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥

ਪ੍ਰੇਤ-ਅਪ੍ਰੇਤ ਦਾ ਧਰਮ ਅਨੁਸਾਰ ਪਾਲਣ ਕਰਨ ਵਾਲੇ ਦੇਵ ਸਰੂਪ! (ਤੈਨੂੰ) ਨਮਸਕਾਰ ਹੈ ॥੫੪॥

ਨਮੋ ਰੋਗ ਹਰਤਾ ਨਮੋ ਰਾਗ ਰੂਪੇ ॥

ਹੇ ਰੋਗ-ਨਾਸ਼ਕ! (ਤੈਨੂੰ) ਨਮਸਕਾਰ ਹੈ; ਹੇ ਪ੍ਰੇਮ ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਾਹ ਸਾਹੰ ਨਮੋ ਭੂਪ ਭੂਪੇ ॥੫੫॥

ਹੇ ਸ਼ਾਹਾਂ ਦੇ ਸ਼ਾਹ! (ਤੈਨੂੰ) ਨਮਸਕਾਰ ਹੈ; ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ ॥੫੫॥

ਨਮੋ ਦਾਨ ਦਾਨੇ ਨਮੋ ਮਾਨ ਮਾਨੇ ॥

ਹੇ ਦਾਨੀਆਂ ਦੇ ਵੀ ਦਾਨੀ! (ਤੈਨੂੰ) ਨਮਸਕਾਰ ਹੈ; ਹੇ ਮਾਣਾਂ ਦੇ ਮਾਣ! (ਤੈਨੂੰ) ਨਮਸਕਾਰ ਹੈ;

ਨਮੋ ਰੋਗ ਰੋਗੇ ਨਮਸਤੰ ਇਸਨਾਨੇ ॥੫੬॥

ਹੇ ਰੋਗਾਂ ਦੇ ਰੋਗ (ਰੋਗ-ਨਾਸ਼ਕ)! (ਤੈਨੂੰ) ਨਮਸਕਾਰ ਹੈ; ਹੇ ਇਸ਼ਨਾਨ ਸਰੂਪ! ਤੈਨੂੰ ਨਮਸਕਾਰ ਹੈ ॥੫੬॥

ਨਮੋ ਮੰਤ੍ਰ ਮੰਤ੍ਰੰ ॥

ਹੇ ਮੰਤ੍ਰਾਂ ਦੇ ਮੰਤ੍ਰ! (ਤੈਨੂੰ) ਨਮਸਕਾਰ ਹੈ;

ਨਮੋ ਜੰਤ੍ਰ ਜੰਤ੍ਰੰ ॥

ਹੇ ਯੰਤ੍ਰਾਂ ਦੇ ਯੰਤ੍ਰ! (ਤੈਨੂੰ) ਨਮਸਕਾਰ ਹੈ;

ਨਮੋ ਇਸਟ ਇਸਟੇ ॥

ਹੇ ਇਸ਼ਟਾਂ ਦੇ ਇਸ਼ਟ! (ਤੈਨੂੰ) ਨਮਸਕਾਰ ਹੈ;

ਨਮੋ ਤੰਤ੍ਰ ਤੰਤ੍ਰੰ ॥੫੭॥

ਹੇ ਤੰਤ੍ਰਾਂ ਦੇ ਤੰਤ੍ਰ! (ਤੈਨੂੰ) ਨਮਸਕਾਰ ਹੈ ॥੫੭॥

ਸਦਾ ਸਚਦਾਨੰਦ ਸਰਬੰ ਪ੍ਰਣਾਸੀ ॥

ਹੇ ਸਦਾ ਸੱਤ, ਚਿਤ, ਆਨੰਦ ਸਰੂਪ ਅਤੇ ਸਭ ਦਾ ਨਾਸ਼ ਕਰਨ ਵਾਲੇ!

ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੫੮॥

ਹੇ ਉਪਮਾਰਹਿਤ, ਰੂਪ-ਰਹਿਤ ਅਤੇ ਸਭ ਵਿਚ ਨਿਵਾਸ ਕਰ ਰਹੇ! (ਤੈਨੂੰ ਨਮਸਕਾਰ ਹੈ) ॥੫੮॥

ਸਦਾ ਸਿਧ ਦਾ ਬੁਧ ਦਾ ਬ੍ਰਿਧ ਕਰਤਾ ॥

ਹੇ ਸਦਾ ਸਿੱਧੀ ਦੇਣ ਵਾਲੇ, ਬੁੱਧੀ ਦੇਣ ਵਾਲੇ ਅਤੇ ਵਾਧਾ ਕਰਨ ਵਾਲੇ,

ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥

ਸਾਰੇ ('ਓਘ') ਉਤਮ, ਮਧਮ ਅਤੇ ਅਧਮ ਪਾਪਾਂ ('ਅਘੰ') ਨੂੰ ਨਸ਼ਟ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੫੯॥

ਪਰੰ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ॥

ਹੇ ਪਰਮ ਸ੍ਰੇਸ਼ਠ ਪਰਮੇਸ਼ਵਰ! (ਤੂੰ ਸਭ ਦੀ) ਪਰੋਖ (ਅਦ੍ਰਿਸ਼) ਰੂਪ ਵਿਚ ਪਾਲਣਾ ਕਰਨ ਵਾਲਾ ਹੈਂ;

ਸਦਾ ਸਰਬ ਦਾ ਸਿਧ ਦਾਤਾ ਦਿਆਲੰ ॥੬੦॥

ਹੇ ਦਿਆਲੂ! (ਤੂੰ) ਸਦਾ ਸਾਰਿਆਂ ਸਮਿਆਂ ਵਿਚ ਸਿੱਧੀਆਂ ਪ੍ਰਦਾਨ ਕਰਨ ਵਾਲਾ ਹੈਂ ॥੬੦॥

ਅਛੇਦੀ ਅਭੇਦੀ ਅਨਾਮੰ ਅਕਾਮੰ ॥

(ਹੇ ਪ੍ਰਭੂ!) ਨਾ (ਤੂੰ) ਕਟਿਆ ਜਾ ਸਕਦਾ ਹੈਂ, ਨਾ ਤੋੜਿਆ ਜਾ ਸਕਦਾ ਹੈਂ, ਤੂੰ ਨਾਮ ਅਤੇ ਕਾਮਨਾ ਤੋਂ ਰਹਿਤ ਹੈਂ;

ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥

(ਤੂੰ) ਸਾਰੀ ਦੁਨੀਆ ਪੈਦਾ ਕੀਤੀ ਹੈ ਅਤੇ ਸਾਰੀ ਦਾ ਹੀ (ਤੂੰ) ਆਸਰਾ ਹੈਂ ॥੬੧॥

ਤੇਰਾ ਜੋਰੁ ॥ ਚਾਚਰੀ ਛੰਦ ॥

ਤੇਰਾ ਬਲ: ਚਾਚਰੀ ਛੰਦ:

ਜਲੇ ਹੈਂ ॥

(ਹੇ ਪ੍ਰਭੂ! ਤੂੰ) ਜਲ ਵਿਚ ਹੈਂ,

ਥਲੇ ਹੈਂ ॥

ਥਲ ਵਿਚ ਹੈਂ,

ਅਭੀਤ ਹੈਂ ॥

ਅਭੈ ਹੈਂ;

ਅਭੇ ਹੈਂ ॥੬੨॥

(ਤੇਰੇ) ਭੇਦ ਨੂੰ ਨਹੀਂ ਪਾਇਆ ਜਾ ਸਕਦਾ ॥੬੨॥

ਪ੍ਰਭੂ ਹੈਂ ॥

(ਤੂੰ ਸਭ ਦਾ) ਸੁਆਮੀ ਹੈਂ,

ਅਜੂ ਹੈਂ ॥

ਜਨਮ ਤੋਂ ਬਿਨਾ ਹੈਂ,

ਅਦੇਸ ਹੈਂ ॥

ਦੇਸ ਤੋਂ ਬਿਨਾ ਹੈਂ,

ਅਭੇਸ ਹੈਂ ॥੬੩॥

ਭੇਸ ਤੋਂ ਬਿਨਾ ਹੈਂ ॥੬੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ: ਤੇਰੀ ਕ੍ਰਿਪਾ ਨਾਲ:

ਅਗਾਧੇ ਅਬਾਧੇ ॥

ਹੇ ਅਗਾਧ (ਅਥਾਹ) ਹੇ ਅਬਾਧ (ਅਸੀਮ)!

ਅਨੰਦੀ ਸਰੂਪੇ ॥

ਹੇ ਆਨੰਦ-ਸਰੂਪ!

ਨਮੋ ਸਰਬ ਮਾਨੇ ॥

ਹੇ ਸਾਰਿਆਂ ਦੁਆਰਾ ਮੰਨੇ ਜਾਣ ਵਾਲੇ

ਸਮਸਤੀ ਨਿਧਾਨੇ ॥੬੪॥

ਅਤੇ ਸਾਰਿਆਂ (ਗੁਣਾਂ ਅਥਵਾ ਪਦਾਰਥਾਂ) ਦੇ ਖ਼ਜ਼ਾਨੇ! (ਤੈਨੂੰ) ਨਮਸਕਾਰ ਹੈ ॥੬੪॥

ਨਮਸਤ੍ਵੰ ਨ੍ਰਿਨਾਥੇ ॥

ਹੇ ਸੁਆਮੀ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤ੍ਵੰ ਪ੍ਰਮਾਥੇ ॥

ਹੇ (ਸਾਰਿਆਂ ਦੇ) ਸੰਘਾਰਕ! ਤੈਨੂੰ ਨਮਸਕਾਰ ਹੈ;

ਨਮਸਤ੍ਵੰ ਅਗੰਜੇ ॥

ਹੇ ਨਾ ਨਸ਼ਟ ਕੀਤੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤ੍ਵੰ ਅਭੰਜੇ ॥੬੫॥

ਹੇ ਨਾ ਭੰਨੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ ॥੬੫॥

ਨਮਸਤ੍ਵੰ ਅਕਾਲੇ ॥

ਹੇ ਕਾਲ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤ੍ਵੰ ਅਪਾਲੇ ॥

ਹੇ ਪਾਲਕ-ਰਹਿਤ! ਤੈਨੂੰ ਨਮਸਕਾਰ ਹੈ;

ਨਮੋ ਸਰਬ ਦੇਸੇ ॥

ਹੇ ਸਾਰੇ ਦੇਸ਼ਾਂ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੇਸੇ ॥੬੬॥

ਹੇ ਸਾਰੇ ਭੇਸਾਂ ਵਾਲੇ! (ਤੈਨੂੰ) ਨਮਸਕਾਰ ਹੈ ॥੬੬॥

ਨਮੋ ਰਾਜ ਰਾਜੇ ॥

ਹੇ ਰਾਜਿਆਂ ਦੇ ਵੀ ਰਾਜੇ! (ਤੈਨੂੰ) ਨਮਸਕਾਰ ਹੈ;

ਨਮੋ ਸਾਜ ਸਾਜੇ ॥

ਹੇ ਸਿਰਜਨਹਾਰਾਂ ਦੇ ਵੀ ਸਿਰਜਨਹਾਰ! (ਤੈਨੂੰ) ਨਮਸਕਾਰ ਹੈ;

ਨਮੋ ਸਾਹ ਸਾਹੇ ॥

ਹੇ ਸ਼ਾਹਾਂ ਦੇ ਵੀ ਸ਼ਾਹ! (ਤੈਨੂੰ) ਨਮਸਕਾਰ ਹੈ;

ਨਮੋ ਮਾਹ ਮਾਹੇ ॥੬੭॥

ਹੇ ਚੰਦ੍ਰਮਿਆਂ ਦੇ ਚੰਦ੍ਰਮਾ ('ਮਾਹ')! (ਤੈਨੂੰ) ਨਮਸਕਾਰ ਹੈ ॥੬੭॥

ਨਮੋ ਗੀਤ ਗੀਤੇ ॥

ਹੇ ਗੀਤਾਂ ਦੇ ਗੀਤ! (ਤੈਨੂੰ) ਨਮਸਕਾਰ ਹੈ;

ਨਮੋ ਪ੍ਰੀਤ ਪ੍ਰੀਤੇ ॥

ਹੇ ਪ੍ਰੇਮਾਂ ਦੇ ਪ੍ਰੇਮ (ਪ੍ਰੀਤਵਾਨਾਂ ਦੇ ਪ੍ਰੀਤਵਾਨ)! (ਤੈਨੂੰ) ਨਮਸਕਾਰ ਹੈ;

ਨਮੋ ਰੋਖ ਰੋਖੇ ॥

ਹੇ ਰੋਹਾਂ ਦੇ ਰੋਹ (ਰੋਸ)! (ਤੈਨੂੰ) ਨਮਸਕਾਰ ਹੈ;

ਨਮੋ ਸੋਖ ਸੋਖੇ ॥੬੮॥

ਹੇ ਸ਼ੋਖਾਂ ਦੇ ਸ਼ੋਖ! (ਤੈਨੂੰ) ਨਮਸਕਾਰ ਹੈ ॥੬੮॥

ਨਮੋ ਸਰਬ ਰੋਗੇ ॥

ਹੇ ਸਰਬ ਰੋਗ-ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੋਗੇ ॥

ਹੇ ਸਰਬ ਭੋਗ-ਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਜੀਤੰ ॥

ਹੇ ਸਭ ਦੇ ਵਿਜੇਤਾ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੀਤੰ ॥੬੯॥

ਹੇ ਸਭ ਨੂੰ ਭੈ ਦੇਣ ਵਾਲੇ! (ਤੈਨੂੰ) ਨਮਸਕਾਰ ਹੈ ॥੬੯॥

ਨਮੋ ਸਰਬ ਗਿਆਨੰ ॥

ਹੇ ਸਰਬ ਗਿਆਨ-ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਪਰਮ ਤਾਨੰ ॥

ਹੇ ਪਰਮ ਤ੍ਰਾਣ-ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਮੰਤ੍ਰੰ ॥

ਹੇ ਸਰਬ ਮੰਤ੍ਰ-ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਜੰਤ੍ਰੰ ॥੭੦॥

ਹੇ ਸਰਬ ਯੰਤ੍ਰ-ਸਰੂਪ; (ਤੈਨੂੰ) ਨਮਸਕਾਰ ਹੈ ॥੭੦॥

ਨਮੋ ਸਰਬ ਦ੍ਰਿਸੰ ॥

ਹੇ ਸਭ ਨੂੰ ਵੇਖਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਕ੍ਰਿਸੰ ॥

ਹੇ ਸਭ ਨੂੰ ਆਕਰਸ਼ਿਤ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਰੰਗੇ ॥

ਹੇ ਸਰਬ ਰੰਗ (ਆਨੰਦ) ਸਰੂਪ! (ਤੈਨੂੰ) ਨਮਸਕਾਰ ਹੈ;

ਤ੍ਰਿਭੰਗੀ ਅਨੰਗੇ ॥੭੧॥

ਹੇ ਤਿੰਨ ਲੋਕਾਂ ਦੇ ਸੰਘਾਰਕ ਅਤੇ ਨਿਰਾਕਾਰ ਰੂਪ ਵਾਲੇ! (ਤੈਨੂੰ ਨਮਸਕਾਰ ਹੈ) ॥੭੧॥

ਨਮੋ ਜੀਵ ਜੀਵੰ ॥

ਹੇ ਜੀਵਾਂ ਦੇ ਜੀਵ! (ਤੈਨੂੰ) ਨਮਸਕਾਰ ਹੈ;

ਨਮੋ ਬੀਜ ਬੀਜੇ ॥

ਹੇ ਬੀਜਾਂ ਦੇ ਬੀਜ (ਕਾਰਨ ਸਰੂਪ)! (ਤੈਨੂੰ) ਨਮਸਕਾਰ ਹੈ;

ਅਖਿਜੇ ਅਭਿਜੇ ॥

ਹੇ ਨਾ ਖਿਝਣ ਵਾਲੇ, ਨਾ ਭਿਜਣ ਵਾਲੇ (ਘੁਲ ਮਿਲ ਜਾਣ ਵਾਲੇ)

ਸਮਸਤੰ ਪ੍ਰਸਿਜੇ ॥੭੨॥

ਅਤੇ ਸਾਰਿਆਂ ਉਤੇ ਪ੍ਰਸੰਨ ਹੋਣ ਵਾਲੇ! (ਤੈਨੂੰ ਨਮਸਕਾਰ ਹੈ) ॥੭੨॥

ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ ॥

ਹੇ ਕ੍ਰਿਪਾਲੂ ਸਰੂਪ ਵਾਲੇ, ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲੇ

ਸਦਾ ਸਰਬ ਦਾ ਰਿਧਿ ਸਿਧੰ ਨਿਵਾਸੀ ॥੭੩॥

ਅਤੇ ਸਦਾ ਸਭ ਥਾਂ ਰਿੱਧੀਆਂ ਸਿੱਧੀਆਂ ਦੇ ਮੂਲ ਸਥਾਨ! (ਤੈਨੂੰ ਨਮਸਕਾਰ ਹੈ) ॥੭੩॥

ਚਰਪਟ ਛੰਦ ॥ ਤ੍ਵ ਪ੍ਰਸਾਦਿ ॥

ਚਰਪਟ ਛੰਦ: ਤੇਰੀ ਕ੍ਰਿਪਾ ਨਾਲ:

ਅੰਮ੍ਰਿਤ ਕਰਮੇ ॥

(ਹੇ ਪ੍ਰਭੂ! ਤੂੰ) ਅਮਰ ਕਰਮ ਵਾਲਾ,

ਅੰਬ੍ਰਿਤ ਧਰਮੇ ॥

ਅਖੰਡ ('ਅੰਬ੍ਰਿਤ') ਧਰਮ ਵਾਲਾ,

ਅਖਲ ਜੋਗੇ ॥

ਸਭ ਨਾਲ ਯੁਕਤ (ਜੁੜਿਆ ਹੋਇਆ)

ਅਚਲ ਭੋਗੇ ॥੭੪॥

ਅਤੇ ਅਚਲ ਭੋਗ ਸਾਮਗ੍ਰੀ ਵਾਲਾ ਹੈਂ ॥੭੪॥

ਅਚਲ ਰਾਜੇ ॥

(ਹੇ ਪ੍ਰਭੂ! ਤੂੰ) ਅਚਲ ਰਾਜ ਵਾਲਾ,

ਅਟਲ ਸਾਜੇ ॥

ਅਟਲ ਸਾਜ (ਸਿਰਜਨਾ) ਵਾਲਾ,

ਅਖਲ ਧਰਮੰ ॥

ਸਾਰੇ ਧਰਮਾਂ ਵਾਲਾ

ਅਲਖ ਕਰਮੰ ॥੭੫॥

ਅਤੇ ਅਦ੍ਰਿਸ਼ ਕਰਮਾਂ ਵਾਲਾ ਹੈਂ ॥੭੫॥

ਸਰਬੰ ਦਾਤਾ ॥

(ਹੇ ਪ੍ਰਭੂ! ਤੂੰ) ਸਭ ਨੂੰ ਦੇਣ ਵਾਲਾ,

ਸਰਬੰ ਗਿਆਤਾ ॥

ਸਭ ਨੂੰ ਜਾਣਨ ਵਾਲਾ,

ਸਰਬੰ ਭਾਨੇ ॥

ਸਭ ਨੂੰ ਪ੍ਰਕਾਸ਼ਮਾਨ ('ਭਾਨੇ') ਕਰਨ ਵਾਲਾ

ਸਰਬੰ ਮਾਨੇ ॥੭੬॥

ਅਤੇ ਸਭ ਦੁਆਰਾ ਮੰਨੇ ਜਾਣ ਵਾਲਾ (ਪੂਜਣਯੋਗ) ਹੈਂ ॥੭੬॥

ਸਰਬੰ ਪ੍ਰਾਣੰ ॥

(ਹੇ ਪ੍ਰਭੂ! ਤੂੰ) ਸਭ ਦਾ ਪ੍ਰਾਣ ਹੈਂ,

ਸਰਬੰ ਤ੍ਰਾਣੰ ॥

ਸਭ ਦਾ ਤ੍ਰਾਣ (ਬਲ) ਹੈਂ,

ਸਰਬੰ ਭੁਗਤਾ ॥

ਸਭ ਨੂੰ ਭੋਗਣ ਵਾਲਾ ਹੈਂ

ਸਰਬੰ ਜੁਗਤਾ ॥੭੭॥

ਅਤੇ ਸਭ ਨਾਲ ਜੁੜਿਆ ਹੋਇਆ ਹੈਂ ॥੭੭॥


Flag Counter