ਅਤੇ (ਉਧਰ) ਸਾਰਿਆਂ ਦੇਵਤਿਆਂ ਅਤੇ ਦੈਂਤਾਂ ਦੇ ਚਿਤ ਮੋਹੇ ਹੋਏ ਸਨ ॥੨੫॥
ਦੋਹਰਾ:
ਵਿਸ਼ਣੂ ਨੇ ਤੁਰਤ ਆਪ ਇਸਤਰੀ ਦਾ ਰੂਪ ਧਾਰਨ ਕੀਤਾ
ਅਤੇ ਉਹ ਛਲੀ ਰੂਪ ਵਾਲਾ (ਅਰਥਾਤ ਮਹਾ ਮੋਹਨੀ) ਜਲਦੀ ਹੀ ਸਾਰਿਆਂ ਦੈਂਤਾਂ ਨੂੰ ਛਲ ਕੇ ਚਲਾ ਗਿਆ ॥੨੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੩॥੨੪੧੬॥ ਚਲਦਾ॥
ਦੋਹਰਾ:
ਨਾਰਨੌਲ ਦੇਸ ਵਿਚ ਇਕ ਬਿਜੈ ਸਿੰਘ ਨਾਂ ਦਾ ਰਾਜਾ ਸੀ।
(ਉਹ) ਰਾਤ ਦਿਨ ਫੂਲ ਮਤੀ ਦੇ ਨਾਲ ਹੀ ਪਿਆ ਰਹਿੰਦਾ ॥੧॥
ਬਿਜੈ ਸਿੰਘ ਜਿਸ (ਰਾਣੀ) ਨੂੰ ਸਦਾ ਅੱਠੇ ਪਹਿਰ ਜਪਦਾ ਰਹਿੰਦਾ ਸੀ,
ਫੁਲਾਂ ਨਾਲ ਤੋਲਣ ਕਾਰਨ (ਉਸ ਦਾ) ਨਾਮ ਫੂਲ ਮਤੀ ਹੋਇਆ ॥੨॥
ਬਿਜੈ ਸਿੰਘ ਇਕ ਦਿਨ ਸ਼ਿਕਾਰ ਖੇਡਣ ਗਿਆ
ਅਤੇ (ਉਥੇ) ਭ੍ਰਮਰ ਕਲਾ ਦਾ ਰੂਪ ਵੇਖ ਕੇ ਰਾਜਾ ਰੀਝ ਗਿਆ ॥੩॥
ਚੌਪਈ:
ਉਥੇ ਹੀ ਵਿਆਹ ਕਰ ਕੇ ਇਸਤਰੀ ਨੂੰ ਘਰ ਲੈ ਆਇਆ।
ਰਾਜੇ ਨੂੰ ਵੇਖ ਕੇ ਉਹ ਵੀ ਲਲਚਾ ਗਈ।
ਫੂਲ ਮਤੀ (ਨਵੇਂ ਵਿਆਹ ਦੀ ਗੱਲ) ਸੁਣ ਕੇ ਬਹੁਤ ਗੁੱਸੇ ਵਿਚ ਹੋਈ।
(ਫਿਰ ਵੀ) ਆਦਰ ਨਾਲ ਉਸ ਨੂੰ ਘਰ ਲੈ ਆਈ ॥੪॥
ਉਸ ਨਾਲ (ਫੂਲ ਮਤੀ) ਨੇ ਬਹੁਤ ਸਨੇਹ ਪ੍ਰਗਟ ਕੀਤਾ
ਅਤੇ ਉਸ ਨੂੰ ਧਰਮ ਭੈਣ ਕਰ ਕੇ ਬੁਲਾਇਆ।
ਪਰ (ਉਸ) ਇਸਤਰੀ (ਫੂਲ ਮਤੀ) ਨੇ ਮਨ ਵਿਚ ਬਹੁਤ ਗੁੱਸਾ ਰਖਿਆ।
(ਉਸ ਦਾ ਮਨ) ਭ੍ਰਮਰ ਕਲਾ ਨੂੰ ਨਸ਼ਟ ਕਰਨ ਦੇ ਮੌਕੇ ਦੀ ਭਾਲ ਵਿਚ ਸੀ ॥੫॥
ਉਸ ਇਸਤਰੀ (ਭਾਵ ਸੌਂਕਣ) ਨੂੰ ਜਿਸ ਦਾ ਉਪਾਸਕ ਜਾਣਿਆ,
ਉਸੇ ਰਾਹੀਂ ਰਾਣੀ ਨੇ ਮਾਰਨ ਦਾ ਮਨ ਵਿਚ ਵਿਚਾਰ ਕੀਤਾ।
(ਉਸ ਨੇ) ਰੁਦ੍ਰ ਦਾ ਇਕ ਮੰਦਿਰ ਬਣਵਾਇਆ
ਜਿਸ ਉਤੇ ਬਹੁਤ ਧਨ ਖ਼ਰਚ ਕੀਤਾ ॥੬॥
ਦੋਵੇਂ ਸੌਂਕਣਾਂ ਉਥੇ ਚਲ ਕੇ ਜਾਂਦੀਆਂ ਸਨ
ਅਤੇ ਰੁਦ੍ਰ ਦੀ ਪੂਜਾ ਕਰ ਕੇ ਘਰ ਪਰਤਦੀਆਂ ਸਨ।
ਮੰਦਿਰ ('ਮਟ'-ਮਠ) ਬਹੁਤ ਚੰਗਾ ਸੀ ਅਤੇ ਉਸ ਉਤੇ ਉੱਚਾ ਝੰਡਾ ਸ਼ੋਭਦਾ ਸੀ
(ਜੋ) ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦਾ ਸੀ ॥੭॥
ਦੋਹਰਾ:
ਨਗਰ ਦੀਆਂ ਰਹਿਣ ਵਾਲੀਆਂ ਸਾਰੀਆਂ ਸੁੰਦਰੀਆਂ (ਇਸਤਰੀਆਂ) ਉਥੇ ਜਾਂਦੀਆਂ ਸਨ
ਅਤੇ ਮਹਾ ਰੁਦ੍ਰ ਦੀ ਪੂਜਾ ਕਰ ਕੇ ਫਿਰ ਘਰ ਨੂੰ ਆ ਜਾਂਦੀਆਂ ਸਨ ॥੮॥
ਅੜਿਲ:
ਇਕ ਦਿਨ ਰਾਣੀ ਉਸ (ਭ੍ਰਮਰ ਕਲਾ) ਨੂੰ ਉਥੇ ਲੈ ਕੇ ਗਈ
ਅਤੇ ਆਪਣੇ ਹੱਥ ਵਿਚ ਤਲਵਾਰ ਲੈ ਕੇ ਉਸ ਦਾ ਸਿਰ ਕਟ ਦਿੱਤਾ।
ਸਿਰ ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ ਦਿੱਤਾ
ਅਤੇ ਰੋਂਦੀ ਹੋਈ ਨੇ ਆਪ ਰਾਜੇ ਨੂੰ ਆ ਕੇ ਕਿਹਾ ॥੯॥
ਦੋਹਰਾ:
ਮੇਰੀ ਧਰਮ ਭੈਣ ਮੈਨੂੰ ਨਾਲ ਲੈ ਕੇ ਰੁਦ੍ਰ ਦੇ ਮੰਦਿਰ ਵਿਚ ਗਈ
ਅਤੇ ਆਪਣੇ ਹੱਥੀਂ ਤਲਵਾਰ ਨਾਲ ਆਪਣਾ ਸਿਰ ਕਟ ਕੇ ਸ਼ਿਵ (ਦੀ ਮੂਰਤੀ) ਉਤੇ ਚੜ੍ਹਾ ਦਿੱਤਾ ॥੧੦॥
ਚੌਪਈ:
ਇਹ ਗੱਲ ਸੁਣ ਕੇ ਰਾਜਾ ਉਥੇ ਆਇਆ,
ਜਿਥੇ ਇਸਤਰੀ (ਫੂਲ ਮਤੀ) ਨੇ ਉਸ (ਭ੍ਰਮਰ ਕਲਾ) ਨੂੰ ਮਾਰਿਆ ਸੀ।
ਇਹ ਵੇਖ ਕੇ (ਰਾਜਾ) ਮਨ ਵਿਚ ਹੈਰਾਨ ਹੋ ਗਿਆ।
ਇਸਤਰੀ ਨੂੰ ਕੁਝ ਵੀ ਬਚਨ ਨਾ ਕਿਹਾ ॥੧੧॥
ਦੋਹਰਾ:
(ਰਾਜੇ ਨੇ ਕਿਹਾ) ਜਿਸ ਨੇ ਆਪਣੇ ਹੱਥ ਨਾਲ ਸਿਰ ਕਟ ਕੇ ਸ਼ਿਵ ਉਪਰ ਚੜ੍ਹਾਇਆ ਹੈ,
ਉਹ ਇਸਤਰੀ ਧੰਨ ਹੈ, ਉਹ ਦੇਸ ਧੰਨ ਹੈ, ਉਸ ਦੀ ਮਾਤਾ ਧੰਨ ਹੈ, ਉਸ ਦਾ ਪਿਤਾ ਧੰਨ ਹੈ ॥੧੨॥