ਸ਼੍ਰੀ ਦਸਮ ਗ੍ਰੰਥ

ਅੰਗ - 1348


ਭੂਤ ਹਤਾ ਇਕ ਮੰਤ੍ਰ ਉਚਾਰੈ ॥

ਭੂਤ ਨੂੰ ਖ਼ਤਮ ਕਰਨ ਵਾਲਾ ਇਕ ਮੰਤਰ ਉਚਾਰਦਾ ਸੀ,

ਬੀਸ ਮੰਤ੍ਰ ਪੜਿ ਬੀਰ ਪੁਕਾਰੈ ॥

ਤਾਂ 'ਬੀਰ' ਵੀਹ ਮੰਤਰ ਪੜ੍ਹ ਦਿੰਦਾ ਸੀ।

ਕਿਸਹੂੰ ਪਕਰਿ ਚੀਰਿ ਕਰਿ ਦੇਈ ॥

ਉਸ ਕਿਸੇ ਨੂੰ ਪਕੜ ਕੇ ਚੀਰ ਦਿੰਦਾ ਸੀ

ਕਾਹੂੰ ਪਕਰਿ ਰਾਨ ਤਰ ਲੇਈ ॥੮॥

ਅਤੇ ਕਿਸੇ ਨੂੰ ਪਕੜ ਕੇ ਪੱਟ ਹੇਠਾਂ ਦਬ ਲੈਂਦਾ ਸੀ ॥੮॥

ਜਬ ਸਭ ਸਕਲ ਮੰਤ੍ਰ ਕਰਿ ਹਾਰੇ ॥

ਜਦ ਸਭ ਸਾਰੇ ਮੰਤਰ ਕਰ ਕੇ ਹਾਰ ਗਏ,

ਤਬ ਇਹ ਬਿਧਿ ਤਨ ਬੀਰ ਪੁਕਾਰੇ ॥

ਤਦ ਉਨ੍ਹਾਂ ਪ੍ਰਤਿ 'ਬੀਰ' ਇਸ ਤਰ੍ਹਾਂ ਬੋਲਿਆ,

ਜੇ ਗੁਰ ਮੋਰ ਇਹਾ ਚਲਿ ਆਵੈ ॥

ਜੇ ਮੇਰਾ ਗੁਰੂ ਇਥੇ ਚਲ ਕੇ ਆਵੇ,

ਰਾਜ ਕੁਅਰ ਤਬ ਹੀ ਸੁਖ ਪਾਵੈ ॥੯॥

ਤਦ ਹੀ ਰਾਜ ਕੁਮਾਰ ਸੁਖ ਪ੍ਰਾਪਤ ਕਰੇਗਾ ॥੯॥

ਸੁਨਤ ਬਚਨ ਰਾਜਾ ਪਗ ਪਰੇ ॥

ਇਹ ਬਚਨ ਸੁਣ ਕੇ ਰਾਜਾ ਪੈਰੀਂ ਪੈ ਗਿਆ

ਬਹੁ ਉਸਤਤਿ ਕਰਿ ਬਚਨ ਉਚਰੇ ॥

ਅਤੇ (ਬੀਰ ਦੀ) ਬਹੁਤ ਉਸਤਤ ਕਰ ਕੇ ਕਹਿਣ ਲਗਾ,

ਕਹਾ ਤੋਰ ਗੁਰ ਮੋਹਿ ਬਤੈਯੈ ॥

ਤੁਹਾਡਾ ਗੁਰੂ ਕਿਥੇ ਹੈ, ਮੈਨੂੰ ਦਸੋ।

ਜਿਹ ਤਿਹ ਭਾਤਿ ਤਾਹਿ ਹ੍ਯਾਂ ਲ੍ਯੈਯੈ ॥੧੦॥

ਜਿਵੇਂ ਕਿਵੇਂ ਉਸ ਨੂੰ ਇਥੇ ਲੈ ਕੇ ਆਈਏ ॥੧੦॥

ਜਵਨ ਪੁਰਖ ਕਾ ਨਾਮ ਬਤਾਯੋ ॥

(ਬੀਰ ਨੇ) ਜਿਸ ਪੁਰਸ਼ ਦਾ ਨਾਂ ਦਸਿਆ,

ਨਾਰਿ ਤਿਸੀ ਕਾ ਭੇਸ ਬਨਾਯੋ ॥

ਰਾਜ ਕੁਮਾਰੀ ਨੇ ਉਸੇ ਦਾ ਭੇਸ ਬਣਾ ਲਿਆ।

ਨ੍ਰਿਪਹਿ ਠੌਰ ਭਾਖਤ ਭਯੋ ਜਹਾ ॥

(ਬੀਰ ਨੇ) ਰਾਜੇ ਨੂੰ ਜਿਥੇ (ਉਸ ਦਾ ਠਿਕਾਣਾ) ਦਸਿਆ ਸੀ,

ਬੈਠੀ ਜਾਹਿ ਚੰਚਲਾ ਤਹਾ ॥੧੧॥

(ਉਹ) ਇਸਤਰੀ ਉਥੇ ਜਾ ਬੈਠੀ ॥੧੧॥

ਬਚਨ ਸੁਨਤ ਤਹ ਭੂਪ ਸਿਧਾਰਿਯੋ ॥

ਗੱਲ ਸੁਣ ਕੇ ਰਾਜਾ ਉਥੇ ਗਿਆ

ਤਿਹੀ ਰੂਪ ਤਰ ਪੁਰਖ ਨਿਹਾਰਿਯੋ ॥

ਅਤੇ ਉਸ ਸਰੂਪ ਵਾਲਾ ਪੁਰਸ਼ ਵੇਖਿਆ।

ਜਿਹ ਤਿਹ ਬਿਧ ਤਾ ਕੌ ਬਿਰਮਾਯੋ ॥

ਜਿਵੇਂ ਕਿਵੇਂ ਉਸ ਨੂੰ ਸਮਝਾਇਆ

ਅਪੁਨੇ ਧਾਮ ਤਾਹਿ ਲੈ ਆਯੋ ॥੧੨॥

ਅਤੇ ਉਸ ਨੂੰ ਆਪਣੇ ਘਰ ਲੈ ਆਇਆ ॥੧੨॥

ਰਾਜ ਕੁਅਰ ਤਾ ਕਹ ਦਰਸਾਯੋ ॥

ਉਸ ਨੂੰ ਰਾਜ ਕੁਮਾਰ ਵਿਖਾਇਆ

ਬਚਨ ਤਾਹਿ ਇਹ ਭਾਤਿ ਸੁਨਾਯੋ ॥

ਅਤੇ ਉਸ ਨੂੰ (ਇਸਤਰੀ ਨੇ ਵੇਖ ਕੇ) ਇਸ ਤਰ੍ਹਾਂ ਗੱਲ ਕਹੀ,

ਯੌ ਇਹ ਤ੍ਰਿਯ ਪਤਿਬ੍ਰਤਾ ਬਰੈ ॥

ਜੇ ਇਹ (ਕਿਸੇ) ਪਤਿਬ੍ਰਤਾ ਇਸਤਰੀ ਨਾਲ ਵਿਆਹ ਕਰੇ,

ਤਊ ਬਚੈ ਯਹ ਯੌ ਨ ਉਬਰੈ ॥੧੩॥

ਤਾਂ ਹੀ ਇਹ ਬਚੇਗਾ, ਉਂਜ (ਇਸ ਦਾ) ਉੱਧਾਰ ਨਹੀਂ ਹੋ ਸਕੇਗਾ ॥੧੩॥

ਕਰਤ ਕਰਤ ਬਹੁ ਬਚਨ ਬਤਾਯੋ ॥

ਬਹੁਤ ਗੱਲਾਂ ਕਰਦਿਆਂ ਕਰਦਿਆਂ (ਇਸਤਰੀ ਨੇ)

ਸਾਹੁ ਸੁਤਾ ਕੇ ਨਾਮੁ ਜਤਾਯੋ ॥

ਸ਼ਾਹ ਦੀ ਧੀ ਦਾ ਨਾਂ ਦਸਿਆ।

ਸੋ ਪਤਿਬ੍ਰਤਾ ਤਾਹਿ ਬਿਵਾਵਹੁ ॥

ਉਹ ਪਤਿਬ੍ਰਤਾ ਹੈ, ਉਸ (ਰਾਜ ਕੁਮਾਰ) ਦਾ ਵਿਆਹ ਕਰੋ

ਜੌ ਨ੍ਰਿਪ ਸੁਤਹਿ ਜਿਯਾਯੋ ਚਾਹਹੁ ॥੧੪॥

ਜੇ ਤੁਸੀਂ ਰਾਜੇ ਦੇ ਪੁੱਤਰ ਨੂੰ ਜੀਵਾਉਣਾ ਚਾਹੁੰਦੇ ਹੋ ॥੧੪॥

ਜੌ ਯਹ ਤਾਹਿ ਬ੍ਯਾਹਿ ਲ੍ਯਾਵੈ ॥

ਜੇ ਇਹ ਉਸ ਨੂੰ ਵਿਆਹ ਲਿਆਵੇ

ਰੈਨਿ ਦਿਵਸ ਤਾ ਸੋ ਲਪਟਾਵੈ ॥

ਅਤੇ ਰਾਤ ਦਿਨ ਉਸ ਨਾਲ ਲਿਪਟਿਆ ਰਹੇ,

ਅਵਰ ਨਾਰਿ ਕੇ ਨਿਕਟ ਨ ਜਾਇ ॥

ਹੋਰ ਕਿਸੇ ਇਸਤਰੀ ਦੇ ਨੇੜੇ ਨਾ ਜਾਵੇ,

ਤਬ ਯਹ ਜਿਯੈ ਕੁਅਰ ਸੁਭ ਕਾਇ ॥੧੫॥

ਤਦ ਹੀ ਇਹ ਸ਼ੁਭ ਕਾਇਆ ਵਾਲਾ ਰਾਜ ਕੁਮਾਰ ਜੀਉਂਦਾ ਰਹਿ ਸਕੇਗਾ ॥੧੫॥

ਯਹੈ ਕਾਰ ਰਾਜਾ ਤੁਮ ਕੀਜੈ ॥

ਹੇ ਰਾਜਨ! ਤੁਸੀਂ ਇਹੀ ਕਾਰਜ ਕਰੋ

ਅਬ ਹੀ ਹਮਹਿ ਬਿਦਾ ਕਰਿ ਦੀਜੈ ॥

ਅਤੇ ਮੈਨੂੰ ਹੁਣੇ ਵਿਦਾ ਕਰ ਦਿਓ।

ਲੈ ਆਗ੍ਯਾ ਤਿਹ ਆਸ੍ਰਮ ਗਈ ॥

ਉਹ (ਇਸਤਰੀ) ਆਗਿਆ ਲੈ ਕੇ ਆਸ਼੍ਰਮ ਵਿਚ ਗਈ

ਧਾਰਤ ਭੇਸ ਨਾਰਿ ਕਾ ਭਈ ॥੧੬॥

ਅਤੇ ਇਸਤਰੀ ਦਾ ਭੇਸ ਧਾਰ ਲਿਆ ॥੧੬॥

ਰਾਜ ਸਾਜ ਬ੍ਯਾਹ ਕੌ ਬਨਾਯੋ ॥

ਰਾਜੇ ਨੇ ਵਿਆਹ ਦਾ ਸਾਜ ਬਣਾਇਆ

ਸਾਹ ਸੁਤਾ ਹਿਤ ਪੂਤ ਪਠਾਯੋ ॥

ਅਤੇ (ਆਪਣੇ) ਪੁੱਤਰ ਨੂੰ ਸ਼ਾਹ ਦੀ ਪੁੱਤਰੀ (ਨਾਲ ਵਿਆਹ ਕਰਨ) ਲਈ ਭੇਜਿਆ।

ਜਬ ਹੀ ਬ੍ਯਾਹ ਤਵਨ ਸੌ ਭਯੋ ॥

ਜਦੋਂ ਹੀ (ਉਸ ਦਾ) ਉਸ ਨਾਲ ਵਿਆਹ ਹੋਇਆ,

ਤਬ ਹੀ ਤਾਹਿ ਭੂਤ ਤਜਿ ਗਯੋ ॥੧੭॥

ਤਦੋਂ ਹੀ ਉਸ ਨੂੰ ਭੂਤ ਛਡ ਗਿਆ ॥੧੭॥

ਰਾਜ ਕੁਅਰ ਇਹ ਛਲ ਸੌ ਪਾਯੋ ॥

(ਉਸ ਸ਼ਾਹ ਦੀ ਪੁੱਤਰੀ ਨੇ) ਇਸ ਛਲ ਨਾਲ ਰਾਜ ਕੁਮਾਰ ਨੂੰ ਪ੍ਰਾਪਤ ਕੀਤਾ

ਭੇਦ ਅਭੇਦ ਨ ਕਿਸੀ ਬਤਾਯੋ ॥

ਅਤੇ ਭੇਦ ਅਭੇਦ ਕਿਸੇ ਨੂੰ ਨਾ ਦਸਿਆ।

ਚੰਚਲਾਨ ਕੇ ਚਰਿਤ ਅਪਾਰਾ ॥

ਇਸਤਰੀਆਂ ਦੇ ਚਰਿਤ੍ਰ ਅਪਾਰ ਹਨ,

ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥੧੮॥

(ਜਿਨ੍ਹਾਂ ਨੂੰ) ਸਿਰਜ ਸਿਰਜ ਕੇ ਵਿਧਾਤਾ ਵੀ ਹੈਰਾਨ ਹੋ ਰਿਹਾ ਹੈ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੫॥੭੦੩੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੫॥੭੦੩੩॥ ਚਲਦਾ॥

ਚੌਪਈ ॥

ਚੌਪਈ:

ਪ੍ਰਿਥੀ ਸਿੰਘ ਇਕ ਭੂਪ ਬਖਨਿਯਤ ॥

ਪ੍ਰਿਥੀ ਸਿੰਘ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।

ਪਿਰਥੀ ਪੁਰ ਤਿਹ ਨਗਰ ਪ੍ਰਮਨਿਯਤ ॥

ਉਸ ਦੇ ਨਗਰ ਦਾ ਨਾਂ ਪ੍ਰਿਥੀ ਪੁਰ ਸੀ।


Flag Counter