ਸ਼੍ਰੀ ਦਸਮ ਗ੍ਰੰਥ

ਅੰਗ - 140


ਜਿਤੇ ਅਜੀਤ ਮੰਡੇ ਮਹਾਨ ॥

ਨਾ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ ਅਤੇ ਮਹਾਨ (ਯੋਧਿਆਂ) ਨੂੰ ਮਿਧ ਦਿੱਤਾ।

ਖੰਡਿਯੋ ਸੁ ਉਤ੍ਰ ਖੁਰਾਸਾਨ ਦੇਸ ॥

ਉੱਤਰ (ਦਿਸ਼ਾ ਵਿਚ ਖੁਰਾਸਾਨ ਦੇਸ਼ ਦਾ ਖੰਡਨ ਕੀਤਾ

ਦਛਨ ਪੂਰਬ ਜੀਤੇ ਨਰੇਸ ॥੧੪॥੧੩੯॥

ਅਤੇ ਦੱਖਣ ਅਤੇ ਪੂਰਬ (ਦਿਸ਼ਾਵਾਂ ਦੇ) ਰਾਜਿਆਂ ਨੂੰ ਵੀ ਜਿਤ ਲਿਆ ॥੧੪॥੧੩੯॥

ਖਗ ਖੰਡ ਖੰਡ ਜੀਤੇ ਮਹੀਪ ॥

(ਆਪਣੇ) ਖੜਗ-ਬਲ ਨਾਲ ਸਾਰੇ ਖੰਡਾਂ ਦੇ ਰਾਜੇ ਜਿਤ ਲਏ।

ਬਜਿਯੋ ਨਿਸਾਨ ਇਹ ਜੰਬੂਦੀਪ ॥

ਇਸ ਜੰਬੂ ਦੀਪ ਵਿਚ (ਰਾਜੇ ਯੁਧਿਸ਼ਠਰ ਦਾ) ਧੌਂਸਾ ਵਜਣ ਲਗਿਆ।

ਇਕ ਠਉਰ ਕੀਏ ਸਬ ਦੇਸ ਰਾਉ ॥

ਸਾਰਿਆਂ ਦੇਸ਼ਾਂ ਦੇ ਰਾਜਿਆਂ ਨੂੰ (ਉਸ ਨੇ) ਇਕ ਸਥਾਨ ਉਤੇ (ਇਕੱਠਾ ਕਰ ਕੇ)

ਮਖ ਰਾਜਸੂਅ ਕੋ ਕੀਓ ਚਾਉ ॥੧੫॥੧੪੦॥

ਰਾਜਸੂਯ ਯੱਗ ਕਰਨ ਦਾ ਸ਼ੌਕ ਪੂਰਾ ਕੀਤਾ ॥੧੫॥੧੪੦॥

ਸਬ ਦੇਸ ਦੇਸ ਪਠੇ ਸੁ ਪਤ੍ਰ ॥

ਸਾਰਿਆਂ ਦੇਸ਼ਾਂ ਨੂੰ ਪੱਤਰ ਭੇਜ ਦਿੱਤੇ।

ਜਿਤ ਜਿਤ ਗੁਨਾਢ ਕੀਏ ਇਕਤ੍ਰ ॥

ਜਿਥੇ ਜਿਥੇ (ਜੋ) ਗੁਣਵਾਨ (ਸਨ, ਉਨ੍ਹਾਂ ਨੂੰ) ਇਕੱਠਾ ਕਰ ਲਿਆ।

ਮਖ ਰਾਜਸੂਅ ਕੋ ਕੀਯੋ ਅਰੰਭ ॥

ਰਾਜਸੂਯ ਯੱਗ ('ਮਖ') ਦਾ ਆਰੰਭ ਕੀਤਾ।

ਨ੍ਰਿਪ ਬਹੁਤ ਬੁਲਾਇ ਜਿਤੇ ਅਸੰਭ ॥੧੬॥੧੪੧॥

ਬਹੁਤ ਸਾਰੇ ਰਾਜਿਆਂ ਨੂੰ ਬੁਲਾ ਲਿਆ, (ਜਿਨ੍ਹਾਂ ਨੂੰ ਜਿਤਣਾ) ਅਸੰਭਵ ਸੀ (ਉਨ੍ਹਾਂ ਨੂੰ ਵੀ) ਜਿਤ ਲਿਆ ॥੧੬॥੧੪੧॥

ਰੂਆਲ ਛੰਦ ॥

ਰੂਆਲ ਛੰਦ:

ਕੋਟਿ ਕੋਟਿ ਬੁਲਾਇ ਰਿਤਜ ਕੋਟਿ ਬ੍ਰਹਮ ਬੁਲਾਇ ॥

ਕਰੋੜਾਂ ਯੱਗ ਕਰਨ ਵਾਲੇ ਕਰਮਕਾਂਡੀਆਂ ('ਰਿਤਜ') ਨੂੰ ਅਤੇ ਕਰੋੜਾਂ ਬ੍ਰਾਹਮਣਾਂ ਨੂੰ ਬੁਲਾ ਲਿਆ।

ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ ॥

ਕਰੋੜਾਂ ਕਿਸਮਾਂ ਦੇ ਭੋਜਨ ਬਣਵਾਏ ਗਏ (ਜਿਨ੍ਹਾਂ ਨੂੰ ਉਹ) ਬਹੁਤ ਸ਼ੌਕ ਨਾਲ ਖਾਂਦੇ ਸਨ।

ਜਤ੍ਰ ਤਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ ॥

ਜਿਥੇ ਕਿਥੇ ਸਾਮਗ੍ਰੀ (ਖਿਲਰੀ ਪਈ ਸੀ) ਅਤੇ (ਉਸ ਨੂੰ ਇਕੱਠਾ ਕਰਨ ਲਈ) ਕਈ ਰਾਜੇ ਲਗੇ ਹੋਏ ਸਨ।

ਰਾਜਸੂਇ ਕਰਹਿ ਲਗੇ ਸਭ ਧਰਮ ਕੋ ਚਿਤ ਚਾਇ ॥੧॥੧੪੨॥

(ਸਾਰੇ ਰਾਜੇ, ਜਿਨ੍ਹਾਂ ਦੇ) ਚਿੱਤ ਵਿਚ ਧਰਮ-ਕਰਮ ਲਈ ਚਾਹ ਸੀ, ਰਾਜਸੂਯ ਯੱਗ ਵਿਚ ਲਗੇ ਹੋਏ ਸਨ ॥੧॥੧੪੨॥

ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ ॥

(ਯੱਗ ਕਰਾਉਣ ਵਾਲੇ ਰਾਜੇ ਨੇ ਕਿਹਾ ਕਿ) ਇਕ ਇਕ ਬ੍ਰਾਹਮਣ ਨੂੰ ਇਕ ਇਕ ਭਾਰ ਸੋਨਾ ਦਿਓ।

ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ ॥

ਇਕ ਸੌ ਹਾਥੀ, ਇਕ ਸੌ ਰਥ, ਦੋ ਹਜ਼ਾਰ ਘੋੜੇ,

ਸਹੰਸ ਚਤੁਰ ਸੁਵਰਨ ਸਿੰਗੀ ਮਹਿਖ ਦਾਨ ਅਪਾਰ ॥

ਚਾਰ ਹਜ਼ਾਰ ਸੁਨਹਿਰੀ ਸਿੰਗਾਂ ਵਾਲੀਆਂ ਮੱਝਾਂ ਦਾ ਅਪਾਰ ਦਾਨ ਦਿਉ।

ਏਕ ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ ॥੨॥੧੪੩॥

(ਇਤਨਾ ਕੁਝ) ਇਕ ਇਕ ਬ੍ਰਾਹਮਣ ਨੂੰ ਦਿਓ, (ਹੇ) ਰਾਜਿਆਂ ਦੇ ਰਾਜਿਓ! ਸੁਣੋ ॥੨॥੧੪੩॥

ਸੁਵਰਨ ਦਾਨ ਸੁ ਦਾਨ ਰੁਕਮ ਦਾਨ ਸੁ ਤਾਬ੍ਰ ਦਾਨ ਅਨੰਤ ॥

ਸੋਨਾ, ਚਾਂਦੀ ਦਿੱਤੀ ਅਤੇ ਤਾਂਬੇ ਦਾ ਅਨੰਤ ਦਾਨ ਦਿੱਤਾ।

ਅੰਨ ਦਾਨ ਅਨੰਤ ਦੀਜਤ ਦੇਖ ਦੀਨ ਦੁਰੰਤ ॥

ਬੇਅੰਤ ਦੁਖੀਆਂ ਅਤੇ ਦੀਨਾਂ ਨੂੰ ਵੇਖ ਕੇ ਬਹੁਤ ਅੰਨ ਦਾ ਦਾਨ ਦਿੱਤਾ।

ਬਸਤ੍ਰ ਦਾਨ ਪਟੰਬ੍ਰ ਦਾਨ ਸੁ ਸਸਤ੍ਰ ਦਾਨ ਦਿਜੰਤ ॥

ਬਸਤ੍ਰਾਂ ਦਾ ਦਾਨ, ਰੇਸ਼ਮੀ ਕਪੜਿਆਂ ਦਾ ਦਾਨ ਅਤੇ ਸ਼ਸਤ੍ਰਾਂ ਦਾ ਦਾਨ ਦਿੱਤਾ।

ਭੂਪ ਭਿਛਕ ਹੁਇ ਗਏ ਸਬ ਦੇਸ ਦੇਸ ਦੁਰੰਤ ॥੩॥੧੪੪॥

ਦੂਰੋਂ ਦੂਰੋਂ ਦੇਸ਼ਾਂ ਤੋਂ ਆਏ ਮੰਗਤੇ ਦਾਨ ਪ੍ਰਾਪਤ ਕਰ ਕੇ ਰਾਜੇ ਬਣ ਗਏ ॥੩॥੧੪੪॥

ਚਤ੍ਰ ਕੋਸ ਬਨਾਹਿ ਕੁੰਡਕ ਸਹਸ੍ਰ ਲਾਇ ਪਰਨਾਰ ॥

ਚਾਰ ਕੋਹਾਂ ਤਕ ਯੱਗ-ਕੁੰਡ ਬਣਾਇਆ ਗਿਆ, ਜਿਸ ਵਿਚ ਇਕ ਹਜ਼ਾਰ ਪ੍ਰਨਾਲੇ ਲਗਾਏ ਗਏ ਸਨ।

ਸਹੰਸ੍ਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ ॥

ਵੇਦ ਵਿਆਸ ਦੇ ਅਵਤਾਰ ਵਰਗੇ ਇਕ ਹਜ਼ਾਰ ਬ੍ਰਾਹਮਣ ਹੋਮ ਕਰਨ ਲਗੇ।

ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ ॥

ਹਾਥੀ ਦੀ ਸੁੰਡ ਜਿੰਨੀ (ਮੋਟੀ) ਘਿਓ ਦੀ ਲਗਾਤਾਰ ਧਾਰ (ਯੱਗ ਕੁੰਡ ਵਿਚ) ਪੈਂਦੀ ਸੀ।

ਹੋਤ ਭਸਮ ਅਨੇਕ ਬਿੰਜਨ ਲਪਟ ਝਪਟ ਕਰਾਲ ॥੪॥੧੪੫॥

ਉਸ ਭਿਆਨਕ (ਅਗਨੀ ਦੀ) ਲਾਟ ਵਿਚ ਅਨੇਕ ਪਦਾਰਥ ਭਸਮ ਹੋ ਰਹੇ ਸਨ ॥੪॥੧੪੫॥

ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ ॥

ਸਾਰਿਆਂ ਤੀਰਥਾਂ ਦੀ ਮਿੱਟੀ ਅਤੇ ਸਾਰਿਆਂ ਤੀਰਥਾਂ ਦਾ ਜਲ ਲਿਆਂਦਾ ਗਿਆ।

ਕਾਸਟਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ ॥

ਸਾਰਿਆਂ ਦੇਸਾਂ ਦੀ ਲਕੜੀ ਅਤੇ ਖਾਣ ਦੇ ਪਦਾਰਥ,

ਭਾਤ ਭਾਤਨ ਕੇ ਮਹਾ ਰਸ ਹੋਮੀਐ ਤਿਹ ਮਾਹਿ ॥

ਤਰ੍ਹਾਂ ਤਰ੍ਹਾਂ ਦੇ ਸੁਆਦੀ ਖਾਣੇ ਉਸ (ਕੁੰਡ) ਵਿਚ ਹੋਮ ਕੀਤੇ ਗਏ।

ਦੇਖ ਚਕ੍ਰਤ ਰਹੈ ਦਿਜੰਬਰ ਰੀਝ ਹੀ ਨਰ ਨਾਹ ॥੫॥੧੪੬॥

(ਇਹ ਸਭ ਕੁਝ) ਵੇਖ ਕੇ ਬ੍ਰਾਹਮਣ ਹੈਰਾਨ ਹੋ ਰਹੇ ਸਨ ਅਤੇ ਰਾਜੇ ਪ੍ਰਸੰਨ ਹੋ ਰਹੇ ਸਨ ॥੫॥੧੪੬॥

ਭਾਤ ਭਾਤ ਅਨੇਕ ਬਿਜੰਨ ਹੋਮੀਐ ਤਿਹ ਆਨ ॥

ਤਰ੍ਹਾਂ ਤਰ੍ਹਾਂ ਦੇ ਖਾਣ ਯੋਗ ਪਦਾਰਥ ਲਿਆ ਕੇ ਉਸ (ਕੁੰਡ) ਵਿਚ ਹੋਮ ਕੀਤੇ ਜਾ ਰਹੇ ਸਨ।

ਚਤੁਰ ਬੇਦ ਪੜੈ ਚਤ੍ਰ ਸਭ ਬਿਪ ਬ੍ਯਾਸ ਸਮਾਨ ॥

ਚੌਹਾਂ ਪਾਸੇ ਵੇਦ ਵਿਆਸ ਵਰਗੇ ਬ੍ਰਾਹਮਣ ਚਾਰ ਵੇਦਾਂ ਦਾ ਪਾਠ ਕਰ ਰਹੇ ਸਨ।

ਭਾਤ ਭਾਤ ਅਨੇਕ ਭੂਪਤ ਦੇਤ ਦਾਨ ਅਨੰਤ ॥

ਭਾਂਤ ਭਾਂਤ ਦੇ ਅਨੇਕ ਰਾਜੇ ਬੇਅੰਤ ਦਾਨ ਦੇ ਰਹੇ ਸਨ।

ਭੂਮ ਭੂਰ ਉਠੀ ਜਯਤ ਧੁਨ ਜਤ੍ਰ ਤਤ੍ਰ ਦੁਰੰਤ ॥੬॥੧੪੭॥

ਜਿਥੇ ਕਿਥੇ ਭੂ-ਮੰਡਲ ਵਿਚ ਜੈ-ਜੈਕਾਰ ਦੀ ਪ੍ਰਚੰਡ ਧੁਨੀ ਹੋ ਰਹੀ ਸੀ ॥੬॥੧੪੭॥

ਜੀਤ ਜੀਤ ਮਵਾਸ ਆਸਨ ਅਰਬ ਖਰਬ ਛਿਨਾਇ ॥

ਆਕੀ ਰਾਜਿਆਂ ਦੇ ਦੇਸ਼ਾਂ ('ਆਸਨ') ਨੂੰ ਜਿਤ ਜਿਤ ਕੇ ਅਤੇ (ਉਨ੍ਹਾਂ ਤੋਂ) ਅਰਬਾਂ ਖਰਬਾਂ ਦੇ (ਕੋਸ਼) ਖੋਹ ਕੇ

ਆਨਿ ਆਨਿ ਦੀਏ ਦਿਜਾਨਨ ਜਗ ਮੈ ਕੁਰ ਰਾਇ ॥

ਰਾਜਾ ਯੁਧਿਸ਼ਠਰ ਨੇ ਯੱਗ ਵਿਚ ਲਿਆ ਲਿਆ ਕੇ ਬ੍ਰਾਹਮਣਾਂ ਨੂੰ ਦਿੱਤੇ ਸਨ।

ਭਾਤ ਭਾਤ ਅਨੇਕ ਧੂਪ ਸੁ ਧੂਪੀਐ ਤਿਹ ਆਨ ॥

ਤਰ੍ਹਾਂ ਤਰ੍ਹਾਂ ਦੇ ਧੂਪ ਲਿਆ ਲਿਆ ਕੇ ਧੁਖਾਏ ਜਾ ਰਹੇ ਸਨ।

ਭਾਤ ਭਾਤ ਉਠੀ ਜਯ ਧੁਨਿ ਜਤ੍ਰ ਤਤ੍ਰ ਦਿਸਾਨ ॥੭॥੧੪੮॥

ਜਿਥੇ ਕਿਥੇ ਸਾਰੀਆਂ ਦਿਸ਼ਾਵਾਂ ਵਿਚ ਕਈ ਕਈ ਤਰ੍ਹਾਂ ਦੀ ਜੈ-ਜੈਕਾਰ ਦੀ ਧੁਨੀ ਹੋ ਰਹੀ ਸੀ ॥੭॥੧੪੮॥

ਜਰਾਸੰਧਹ ਮਾਰ ਕੈ ਪੁਨਿ ਕੈਰਵਾ ਹਥਿ ਪਾਇ ॥

ਜਰਾਸਿੰਧ ਨੂੰ ਮਾਰ ਕੇ, ਫਿਰ ਕੌਰਵਾਂ ਨੂੰ ਆਪਣੇ ਅਧੀਨ ਕੀਤਾ

ਰਾਜਸੂਇ ਕੀਓ ਬਡੋ ਮਖਿ ਕਿਸਨ ਕੇ ਮਤਿ ਭਾਇ ॥

ਅਤੇ ਕ੍ਰਿਸ਼ਨ ਦੀ ਸਲਾਹ ਨਾਲ ਬਹੁਤ ਵੱਡਾ ਰਾਜਸੂਯ ਯੱਗ ਕੀਤਾ।

ਰਾਜਸੂਇ ਸੁ ਕੈ ਕਿਤੇ ਦਿਨ ਜੀਤ ਸਤ੍ਰੁ ਅਨੰਤ ॥

ਅਨੰਤ ਵੈਰੀਆਂ ਨੂੰ ਜਿਤ ਕੇ ਕਿਤਨੇ ਦਿਨ ਰਾਜਸੂਯ ਯੱਗ ਕੀਤਾ ਗਿਆ।

ਬਾਜਮੇਧ ਅਰੰਭ ਕੀਨੋ ਬੇਦ ਬ੍ਯਾਸ ਮਤੰਤ ॥੮॥੧੪੯॥

ਫਿਰ ਵੇਦ ਵਿਆਸ ਦੀ ਸਲਾਹ ਨਾਲ ਅਸ਼੍ਵਮੇਧ ਯੱਗ ਸ਼ੁਰੂ ਕੀਤਾ ਗਿਆ ॥੮॥੧੪੯॥

ਪ੍ਰਿਥਮ ਜਗ ਸਮਾਪਤਿਹ ॥

ਪਹਿਲਾ ਯੱਗ ਸਮਾਪਤ ਹੋਇਆ

ਸ੍ਰੀ ਬਰਣ ਬਧਹ ॥

ਸ੍ਰੀ ਬਰਣ ਦਾ ਬੱਧ

ਚੰਦ੍ਰ ਬਰਣੇ ਸੁਕਰਨਿ ਸਿਯਾਮ ਸੁਵਰਨ ਪੂਛ ਸਮਾਨ ॥

ਚੰਦ੍ਰਮਾ ਵਰਗੇ ਸਫੈਦ ਰੰਗ ਵਾਲਾ, ਕਾਲੇ ਕੰਨਾਂ ਵਾਲਾ, ਸੁਨਹਿਰੀ ਰੰਗ ਦੀ ਪੂਛਲ ਵਾਲਾ,

ਰਤਨ ਤੁੰਗ ਉਤੰਗ ਬਾਜਤ ਉਚ ਸ੍ਰਵਾਹ ਸਮਾਨ ॥

ਵੱਡੀਆਂ ਅੱਖਾਂ ਵਾਲਾ, ਉਚੀ ਗਰਦਨ ਵਾਲਾ ਉਚਸ੍ਰਵਹ ਵਰਗਾ ਘੋੜਾ (ਛੱਡ ਦਿੱਤਾ ਗਿਆ)


Flag Counter