(ਤਦ) ਸ੍ਰੀ ਕ੍ਰਿਸ਼ਨ ਨੇ ਜਲ ਦਾ ਅਸਤ੍ਰ ਚਲਾਇਆ
ਜੋ ਛੁਟ ਕੇ ਰਾਜੇ ਦੇ ਉਪਰ ਆਇਆ।
ਵਰੁਨ ਦੇਵਤਾ ਸੂਰਮੇ (ਸ਼ੇਰ) ਦਾ ਰੂਪ ਧਾਰ ਕੇ ਆਇਆ
ਅਤੇ ਨਦੀਆਂ ਦੀ ਸੈਨਾ ਨਾਲ ਲਿਆਇਆ ॥੧੪੮੨॥
ਆਉਂਦਿਆਂ ਹੀ ਸ਼ੂਰਵੀਰ ਨੇ ਸ਼ਬਦ (ਬੋਲ) ਸੁਣਾਇਆ,
(ਹੇ ਰਾਜਨ! ਤੇਰੇ ਉਪਰ) ਵਰੁਨ ਦੇਵਤਾ ਨੇ ਕ੍ਰੋਧਿਤ ਹੋ ਕੇ ਹਮਲਾ ਕੀਤਾ ਹੈ।
(ਉਸ ਦੇ) ਬੋਲ ਸੁਣ ਕੇ ਤਿਨੋ ਲੋਕ ਕੰਬ ਗਏ ਹਨ
ਪਰ ਇਸ ਰਾਜੇ ਨੇ ਜ਼ਰਾ ਜਿੰਨਾ ਵੀ ਮਨ ਵਿਚ ਡਰ ਨਹੀਂ ਮੰਨਿਆ ਹੈ ॥੧੪੮੩॥
ਸਵੈਯਾ:
ਕਵੀ ਸ਼ਿਆਮ ਕਹਿੰਦੇ ਹਨ, (ਰਾਜੇ ਨੇ) ਬਾਣਾਂ ਨਾਲ ਵਰੁਨ ਦੇਵਤੇ ਦੇ ਸ਼ਰੀਰ ਨੂੰ (ਚੰਗੀ ਤਰ੍ਹਾਂ) ਕੁਟਾਪਾ ਚੜ੍ਹਾਇਆ।
ਕ੍ਰੋਧ ਕਰ ਕੇ (ਰਾਜੇ ਨੇ) ਤੀਰਾਂ ਦੀ ਵਾਛੜ ਨਾਲ ਸੱਤਾਂ ਸਮੁੰਦਰਾਂ ਦੀ ਛਾਤੀ ਨੂੰ ਵਿੰਨ੍ਹ ਸੁਟਿਆ।
ਸਾਰੀਆਂ ਨਦੀਆਂ ਨੂੰ ਘਾਇਲ ਕਰ ਕੇ ਉਨ੍ਹਾਂ ਦੇ ਅੰਗਾਂ ਨੂੰ ਲਹੂ ਲੁਹਾਨ ਕਰ ਦਿੱਤਾ।
ਵਰੁਨ ਦੇਵਤਾ ਰਣ ਵਿਚ ਬਿਲਕੁਲ ਟਿਕ ਨਾ ਸਕਿਆ ਅਤੇ ਭਜ ਕੇ ਆਪਣੇ ਘਰ ਦੇ ਰਾਹ ਪਿਆ ॥੧੪੮੪॥
ਚੌਪਈ:
ਜਦੋਂ ਵਰੁਨ ਦੇਵਤਾ ਘਰ ਨੂੰ ਚਲਾ ਗਿਆ,
ਤਦੋਂ ਰਾਜੇ ਨੇ ਫਿਰ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰੇ।
ਤਦੋਂ ਸ੍ਰੀ ਕ੍ਰਿਸ਼ਨ ਨੇ ਯਮ (ਨੂੰ ਸਦਣ ਵਾਲਾ) ਅਸਤ੍ਰ ਚਲਾਇਆ।
(ਫਲਸਰੂਪ) ਯਮ ਨੇ ਪ੍ਰਤੱਖ ਹੋ ਕੇ ਰਾਜੇ ਉਪਰ ਹੱਲਾ ਬੋਲ ਦਿੱਤਾ ॥੧੪੮੫॥
ਸਵੈਯਾ:
'ਬਿਕ੍ਰਤ' ਨਾਂ ਦਾ (ਇਕ) ਬਹੁਤ ਵੱਡਾ ਦੈਂਤ ਸੂਰਵੀਰ ਸੀ, ਉਹ ਕ੍ਰੋਧਿਤ ਹੋ ਕੇ ਸ੍ਰੀ ਖੜਗ ਸਿੰਘ ਉਪਰ ਚੜ੍ਹ ਆਇਆ।
ਬਾਣ, ਕਮਾਨ, ਕ੍ਰਿਪਾਨ, ਗਦਾ, ਬਰਛੀ (ਆਦਿ ਸ਼ਸਤ੍ਰਾਂ ਨੂੰ) ਹੱਥ ਵਿਚ ਲੈ ਕੇ (ਉਸ ਨੇ) ਬਹੁਤ ਯੁੱਧ ਮਚਾਇਆ।
ਫਿਰ ਉਹ ਬਾਣ ਚਲਾਉਣ ਲਗਿਆ, ਤਦ ਉਸ ਦੀ ਛਬੀ ਨੂੰ ਕਵੀ ਨੇ ਇਸ ਭਾਵ ਨਾਲ ਸੁਣਾਇਆ;
ਮਾਨੋ ਰਾਜੇ ਦਾ ਬਾਣ ਗਰੁੜ ਹੈ ਅਤੇ ਵੈਰੀ ਦਾ ਬਾਣ (ਜੋ ਰਸਤੇ ਵਿਚ) ਕਟਿਆ ਗਿਆ ਹੈ, (ਉਹ ਗਰੁੜ ਦਾ) ਡਿਗਾਇਆ ਨਾਗ ਹੈ ॥੧੪੮੬॥
ਬਿਕ੍ਰਤ ਦੈਂਤ ਨੂੰ ਰਾਜੇ ਨੇ ਮਾਰ ਲਿਆ ਅਤੇ ਫਿਰ ਕ੍ਰੋਧਿਤ ਹੋ ਕੇ ਯਮ ਨੂੰ ਉੱਤਰ ਦਿੱਤਾ,
ਕੀ ਹੋਇਆ ਜੇ ਤੂੰ ਬਹੁਤ ਜੀਵ ਮਾਰਦਾ ਹੈਂ ਅਤੇ ਹੱਥ ਵਿਚ ਵੱਡਾ ਡੰਡਾ ਲਿਆ ਹੋਇਆ ਹੈ।
(ਹੇ ਯਮ!) ਸੁਣ, ਹੁਣ ਮੈਂ ਤੈਨੂੰ ਜੀਉਂਦਾ ਨਹੀਂ ਛਡਣਾ; ਇਹ ਹੁਣ ਮੈਂ ਪ੍ਰਣ ਕਰ ਲਿਆ ਹੈ।
(ਤੂੰ) ਜੋ ਕੁਝ ਕਰਨਾ ਹੈ, ਕਰ ਲੈ, (ਮੈਂ ਹੁਣ ਤੈਨੂੰ) ਮਾਰਨ ਲਗਾ ਹਾਂ। ਮੇਰੇ ਬਲ ਨੂੰ ਤਿੰਨੋ ਲੋਕ (ਭਲੀ ਭਾਂਤ) ਜਾਣਦੇ ਹਨ ॥੧੪੮੭॥
ਕਵੀ ਰਾਮ ਕਹਿੰਦੇ ਹਨ, ਯਮ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਕੇ (ਰਾਜੇ ਨੇ) ਫਿਰ ਯੁੱਧ ਕੀਤਾ ਹੈ।
ਭੂਤਾਂ, ਗਿਦੜਾਂ, ਕਾਂਵਾਂ, ਡੈਣਾਂ ਅਤੇ ਡਾਕਣੀਆਂ ਨੇ ਰਜ ਕੇ ਲਹੂ ਪੀਤਾ ਹੈ।
ਯਮ ਤੋਂ ਵੀ ਰਾਜਾ ਮਾਰਿਆਂ ਮਰਿਆ ਨਹੀਂ ਹੈ, ਮਾਨੋ (ਉਸ ਨੇ) ਅੰਮ੍ਰਿਤ ਪਾਨ ਕੀਤਾ ਹੋਇਆ ਹੈ।
ਜਦ ਉਸ ਨੇ ਹੱਥ ਵਿਚ ਧਨੁਸ਼ ਬਾਣ ਲਿਆ (ਤਾਂ) ਅੰਤ ਵਿਚ ਯਮ ਨੂੰ (ਯੁੱਧਭੂਮੀ ਵਿਚੋਂ) ਭਜਾ ਦਿੱਤਾ ਹੈ ॥੧੪੮੮॥
ਸੋਰਠਾ:
ਜਦੋਂ ਯਮ ਨੂੰ (ਰਣ ਵਿਚੋਂ) ਭਜਾ ਦਿੱਤਾ (ਤਾਂ) ਕ੍ਰਿਸ਼ਨ ਨੂੰ ਵੇਖ ਕੇ ਰਾਜਾ (ਖੜਗ ਸਿੰਘ) ਨੇ ਇਸ ਤਰ੍ਹਾਂ ਕਿਹਾ,
ਤੁਸੀਂ ਮਹਾਨ ਰਥੀ ਅਤੇ ਰਣਧੀਰ (ਅਖਵਾਉਂਦੇ ਹੋ, ਮੇਰੇ ਨਾਲ) ਆ ਕੇ ਲੜਦੇ ਕਿਉਂ ਨਹੀਂ ॥੧੪੮੯॥
ਸਵੈਯਾ:
ਜੋ ਸ੍ਰੀ ਕ੍ਰਿਸ਼ਨ ਮੰਤਰਾਂ ਨੂੰ ਆਰਾਧਣ ਵਾਲਿਆਂ ਅਤੇ ਤਪਾਂ ਨੂੰ ਸਾਧਣ ਵਾਲਿਆਂ ਦੇ ਮਨ ਵਿਚ ਪ੍ਰਗਟ ਨਹੀਂ ਹੋਇਆ ਹੈ।
(ਕਿਤਨਿਆਂ ਨੇ) ਯੱਗ ਕੀਤੇ ਹਨ, ਬਹੁਤ ਦਾਨ ਦਿੱਤੇ ਹਨ, ਪਰ ਸਭ ਖੋਜ (ਥਕੇ ਹਨ) ਕਿਸੇ ਨੇ (ਉਸ ਦਾ) ਅੰਤ ਨਹੀਂ ਪਾਇਆ ਹੈ।
(ਜਿਸ ਦੇ ਗੁਣਾਂ ਨੂੰ) ਬ੍ਰਹਮਾ, ਇੰਦਰ, ਨਾਰਦ, ਸਾਰਦ, ਵਿਆਸ, ਪਰਾਸ਼ਰ ਅਤੇ ਸੁਕਦੇਵ ਨੇ ਗਾਇਆ ਹੈ,
ਉਸ ਸ੍ਰੀ ਕ੍ਰਿਸ਼ਨ ਨੂੰ ਅਜ ਸਮਾਜ ਵਿਚ ਲਲਕਾਰ ਕੇ ਯੁੱਧ ਲਈ (ਖੜਗ ਸਿੰਘ ਨੇ) ਬੁਲਾਇਆ ਹੈ ॥੧੪੯੦॥
ਚੌਪਈ:
ਤਦ ਸ੍ਰੀ ਕ੍ਰਿਸ਼ਨ ਨੇ 'ਜਛ ਅਸਤ੍ਰ' ਹੱਥ ਵਿਚ ਲੈ ਲਿਆ
ਅਤੇ ਕਮਾਨ ਉਤੇ ਚਿਲਾ ਚੜ੍ਹਾ ਕੇ ਤੀਰ ਛਡ ਦਿੱਤਾ।
(ਉਸ ਵੇਲੇ) ਨਲ, ਕੂਬਰ ਅਤੇ ਮਨ-ਗ੍ਰੀਵ ਹਮਲਾ ਕਰ ਕੇ ਪਏ ਹਨ।
ਕੁਬੇਰ ਦੇ ਇਹ ਦੋਵੇਂ ਪੁੱਤਰ ਆਏ ਹਨ ॥੧੪੯੧॥
ਕੁਬੇਰ ('ਧਨਦ') ਯਕਸ਼ਾਂ ਅਤੇ ਕਿੰਨਰਾਂ ਨੂੰ ਨਾਲ ਲੈ ਕੇ
ਅਤੇ ਮਨ ਵਿਚ ਕ੍ਰੋਧ ਕਰ ਕੇ ਇਥੇ ਆਇਆ ਹੈ।
ਉਸ ਦੀ ਸਾਰੀ ਸੈਨਾ ਨਾਲ ਆਈ ਹੈ
ਅਤੇ ਹਮਲਾ ਕਰ ਕੇ ਰਾਜੇ ਨਾਲ ਯੁੱਧ ਕੀਤਾ ਹੈ ॥੧੪੯੨॥