ਡਾਕਣੀ (ਰਜ ਕੇ) ਡਕਾਰ ਮਾਰਦੀਆਂ ਹੋਈਆਂ ਝੂਮ ਰਹੀਆਂ ਹਨ ਅਤੇ ਲਹੂ ਨਾਲ ਖੱਪਰ ਭਰ ਰਹੀਆਂ ਹਨ।
ਮਹਾਕਾਲ ('ਮ੍ਰਿੜੰ') ਅਤੇ ਕਾਲਿਕਾ ('ਮਾਰਜਨੀ') ਹੱਸ ਹੱਸ ਕੇ (ਖੱਪਰਾਂ ਵਿਚਲੇ ਲਹੂ ਨੂੰ) ਸ਼ੁਭ ਮਦਿਰਾ ਸਮਝ ਕੇ ਪੀ ਰਹੀ ਹੈ।
(ਯੁੱਧ-ਭੂਮੀ ਵਿਚ) ਖਿੜ ਖਿੜਾ ਕੇ ਨਿਰੰਤਰ ਹਸਿਆ ਜਾ ਰਿਹਾ ਹੈ ਅਤੇ ਸਫ਼ੈਦ ਤਲਵਾਰਾਂ ਲਿਸ਼ਕ ਰਹੀਆਂ ਹਨ ॥੨੧੮॥
ਅਕਵਾ ਛੰਦ:
ਸ਼ੂਰਵੀਰ ਜੁੱਟੇ ਹੋਏ ਹਨ।
ਤੀਰ ਛੁਟ ਰਹੇ ਹਨ।
ਘੋੜੇ ਜੂਝ ਰਹੇ ਹਨ
ਅਤੇ ਸੂਰਮੇ ਡਿਗ ਰਹੇ ਹਨ ॥੨੧੯॥
ਜੁਆਨ (ਆਪਸ ਵਿਚ) ਵਜ ਰਹੇ ਹਨ (ਭਾਵ ਲੜ ਰਹੇ ਹਨ)।
ਬਾਣ ਚਲਾ ਰਹੇ ਹਨ।
ਜੰਗ ਵਿਚ ਰੁਝੇ ਹੋਏ ਹਨ।
ਅੰਗ ਪ੍ਰਤਿ ਅੰਗ ਜੂਝ ਰਹੇ ਹਨ ॥੨੨੦॥
ਘੋੜਿਆਂ ਦੇ ਤੰਗ ਟੁੱਟ ਰਹੇ ਹਨ।
ਅੰਗ ਫੁੱਟ ਰਹੇ ਹਨ।
ਸੂਰਮੇ ਸੱਜੇ ਹੋਏ ਹਨ।
ਹੂਰਾਂ ਘੁੰਮ ਰਹੀਆਂ ਹਨ ॥੨੨੧॥
ਹਾਥੀ ਜੂਝ ਰਹੇ ਹਨ।
ਸਾਥੀ (ਸਾਥੀ ਨਾਲ ਜੰਗ-ਕਰਮ ਵਿਚ) ਰੁਝੇ ਹੋਏ ਹਨ।
ਉਚੇ ਆਕਾਰ ਵਾਲੇ ਊਠ ਹਨ।
ਬੜੀ ਤਕੜੀ (ਡੀਲ ਡੌਲ ਵਾਲੇ) ਸ਼ੋਭ ਰਹੇ ਹਨ ॥੨੨੨॥
ਸੂਰਮੇ ਘਾਇਲ ਹੋ ਰਹੇ ਹਨ।
ਤੀਰ ਛੁਟ ਰਹੇ ਹਨ।
(ਸੂਰਮੇ) ਧਰਤੀ ਉਤੇ ਡਿਗ ਰਹੇ ਹਨ।
ਘੁੰਮੇਰੀ ਖਾ ਕੇ ਉਠ ਰਹੇ ਹਨ ॥੨੨੩॥
ਮਾਰੋ-ਮਾਰੋ ਬੋਲਦੇ ਹਨ।
ਚਾਰੇ ਚੱਕ ਹੈਰਾਨ ਹੋ ਰਹੇ ਹਨ।
ਸ਼ਸਤ੍ਰ ਸਜ ਰਹੇ ਹਨ
ਅਤੇ ਅਸਤ੍ਰ (ਇਕ ਦੂਜੇ ਨੂੰ) ਵਜ ਰਹੇ ਹਨ ॥੨੨੪॥
ਚਾਚਰੀ ਛੰਦ:
ਅਪਾਰ
ਸੂਰਮੇ
ਵੇਖ ਕੇ ਵਿਚਾਰ
ਕਰ ਰਹੇ ਹਨ ॥੨੨੫॥
(ਇਕ ਦੂਜੇ ਨੂੰ) ਬੁਲਾਉਂਦੇ,
ਲਲਕਾਰਦੇ,
ਸੋਚਦੇ
ਅਤੇ ਵਾਰ ਕਰ ਰਹੇ ਹਨ ॥੨੨੬॥
ਸ਼ੀਰਾਜ਼ (ਇਲਾਕੇ) ਦੇ
ਸੁੰਦਰ ਘੋੜਿਆਂ ਉਤੇ
ਅਣਖੀ ('ਸਲਾਜੀ' ਸੂਰਮੇ)
ਬੈਠੇ ਹੋਏ ਹਨ ॥੨੨੭॥
(ਤਲਵਾਰਾਂ ਨੂੰ) ਚੁਕ ਕੇ ਵਿਖਾਉਂਦੇ ਹਨ
ਅਤੇ ਭੁਆ ਕੇ
ਮਜ਼ਾ ਚਖਾਉਂਦੇ ਹਨ
(ਅਰਥਾਤ ਵਾਰ ਕਰਦੇ ਹਨ) ॥੨੨੮॥
ਕ੍ਰਿਪਾਨ ਕ੍ਰਿਤ ਛੰਦ:
ਜਿਥੇ ਤੀਰ ਛੁਟਦੇ ਹਨ
(ਉਥੇ) ਰਣਧੀਰ (ਯੋਧੇ) ਜੁਟ ਜਾਂਦੇ ਹਨ।