ਸ਼੍ਰੀ ਦਸਮ ਗ੍ਰੰਥ

ਅੰਗ - 1158


ਭਾਤਿ ਭਾਤਿ ਕੇ ਆਸਨ ਕਰਹਿ ਬਨਾਇ ਕੈ ॥

ਭਾਂਤ ਭਾਂਤ ਦੇ ਆਸਣ ਕਰਦੇ ਸਨ

ਹੋ ਲਪਟਿ ਲਪਟਿ ਦੋਊ ਜਾਹਿ ਪਰਮ ਸੁਖ ਪਾਇ ਕੈ ॥੧੫॥

ਅਤੇ ਦੋਵੇਂ ਲਿਪਟ ਲਿਪਟ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ॥੧੫॥

ਕੇਲ ਕਰਤ ਸ੍ਵੈ ਜਾਹਿ ਬਹੁਰਿ ਉਠਿ ਰਤਿ ਕਰੈ ॥

ਕਾਮ-ਕੇਲ ਕਰਦਿਆਂ ਸੌਂ ਜਾਂਦੇ ਅਤੇ ਫਿਰ ਉਠ ਕੇ ਰਤੀ ਕਰਨ ਲਗ ਜਾਂਦੇ।

ਭਾਤਿ ਭਾਤਿ ਚਾਤੁਰਤਾ ਮੁਖ ਤੇ ਉਚਰੈ ॥

ਮੁਖ ਤੋਂ ਭਾਂਤ ਭਾਂਤ ਦੀਆਂ ਚਤੁਰਾਈ ਭਰੀਆਂ ਗੱਲਾਂ ਕਰਦੇ।

ਤਰੁਨ ਤਰੁਨਿ ਜਬ ਮਿਲੈ ਨ ਕੋਊ ਹਾਰਹੀ ॥

ਜਦੋਂ ਜਵਾਨ ਇਸਤਰੀ ਅਤੇ ਮਰਦ ਮਿਲਦੇ ਹਨ, ਤਾਂ ਉਨ੍ਹਾਂ ਵਿਚੋਂ ਕੋਈ ਵੀ ਨਹੀਂ ਹਾਰਦਾ।

ਹੋ ਬੇਦ ਸਾਸਤ੍ਰ ਸਿੰਮ੍ਰਿਤਿ ਇਹ ਭਾਤਿ ਉਚਾਰਹੀ ॥੧੬॥

ਇਸ ਤਰ੍ਹਾਂ ਦੀ ਗੱਲ ਵੇਦਾਂ, ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਵਿਚ ਉਚਾਰੀ ਗਈ ਹੈ ॥੧੬॥

ਤ੍ਰਿਯਾ ਬਾਚ ॥

ਇਸਤਰੀ ਨੇ ਕਿਹਾ:

ਚੌਪਈ ॥

ਚੌਪਈ:

ਮੈ ਨ ਨ੍ਰਿਪ ਸੁਤ ਕੇ ਸੰਗ ਜੈ ਹੌ ॥

ਮੈਂ ਰਾਜੇ ਦੇ ਪੁੱਤਰ ਨਾਲ ਨਹੀਂ ਜਾਵਾਂਗੀ।

ਬਿਨ ਦਾਮਨ ਇਹ ਹਾਥ ਬਿਕੈ ਹੌ ॥

ਬਿਨਾ ਮੁੱਲ ਦੇ ਹੀ ਇਸ ਦੇ ਹੱਥ ਵਿਚ ਵਿਕ ਗਈ ਹਾਂ।

ਧਾਇ ਸੁਤਾ ਤਬ ਕੁਅਰਿ ਹਕਾਰੀ ॥

ਤਦ ਕੁਮਾਰੀ ਨੇ ਦਾਈ ('ਧਾਇ') ਦੀ ਧੀ ਨੂੰ ਬੁਲਾਇਆ।

ਤਵਨ ਪਾਲਕੀ ਭੀਤਰ ਡਾਰੀ ॥੧੭॥

ਉਸ ਨੂੰ ਪਾਲਕੀ ਵਿਚ ਬਿਠਾ ਦਿੱਤਾ ॥੧੭॥

ਦਿਵਸਰਾਜ ਅਸਤਾਚਲ ਗਯੋ ॥

ਸੂਰਜ ਛਿਪ ਗਿਆ

ਪ੍ਰਾਚੀ ਦਿਸਿ ਤੇ ਸਸਿ ਪ੍ਰਗਟਯੋ ॥

ਅਤੇ ਪੂਰਬ ਦਿਸ਼ਾ ਵਲੋਂ ਚੰਦ੍ਰਮਾ ਚੜ੍ਹ ਆਇਆ।

ਨ੍ਰਿਪ ਸੁਤ ਭੇਦ ਪਛਾਨ੍ਯੋ ਨਾਹੀ ॥

ਰਾਜੇ ਦੇ ਪੁੱਤਰ ਨੇ ਭੇਦ ਨਾ ਸਮਝਿਆ

ਤਾਰਨ ਕੀ ਸਮਝੀ ਪਰਛਾਹੀ ॥੧੮॥

ਅਤੇ (ਚਾਨਣੇ ਨੂੰ) ਤਾਰਿਆਂ ਦੀ ਪਰਛਾਈ ਹੀ ਸਮਝਿਆ (ਅਰਥਾਤ ਰਾਤ ਵੇਲੇ ਹੀ ਤੋਰ ਦਿੱਤਾ ਗਿਆ) ॥੧੮॥

ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ ॥

ਉਹ ਦੂਜੀ ਇਸਤਰੀ ਨੂੰ ਲੈ ਕੇ ਘਰ ਗਿਆ

ਭੇਦ ਨ ਪਸੁ ਪਾਵਤ ਕਛੁ ਭਯੋ ॥

ਅਤੇ ਉਹ ਮੂਰਖ ਕੁਝ ਵੀ ਭੇਦ ਨਾ ਜਾਣ ਸਕਿਆ।

ਧਾਇ ਭੇਦ ਸੁਨਿਅਤਿ ਹਰਖਾਨੀ ॥

ਜਦੋਂ ਦਾਈ ਨੂੰ (ਇਸ ਗੱਲ) ਦਾ ਪਤਾ ਲਗਿਆ ਤਾਂ ਬਹੁਤ ਪ੍ਰਸੰਨ ਹੋਈ

ਮੋਰੀ ਸੁਤਾ ਕਰੀ ਬਿਧਿ ਰਾਨੀ ॥੧੯॥

ਕਿ ਮੇਰੀ ਪੁੱਤਰੀ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ ਹੈ ॥੧੯॥

ਦੋਹਰਾ ॥

ਦੋਹਰਾ:

ਰਾਜ ਕੁਅਰਿ ਸੁਤ ਸਾਹ ਕੇ ਸਦਨ ਰਹੀ ਸੁਖ ਪਾਇ ॥

ਰਾਜ ਕੁਮਾਰੀ ਸ਼ਾਹ ਦੇ ਪੁੱਤਰ ਦੇ ਘਰ ਸੁਖ ਪੂਰਵਕ ਰਹੀ

ਘਾਲ ਪਾਲਕੀ ਧਾਇ ਕੀ ਦੁਹਿਤਾ ਦਈ ਪਠਾਇ ॥੨੦॥

ਅਤੇ ਪਾਲਕੀ ਵਿਚ ਦਾਈ ਦੀ ਪੁੱਤਰੀ ਨੂੰ ਪਾ ਕੇ ਭੇਜ ਦਿੱਤੀ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੭॥੪੬੫੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੭॥੪੬੫੬॥ ਚਲਦਾ॥

ਦੋਹਰਾ ॥

ਦੋਹਰਾ:

ਨਦੀ ਨਰਬਦਾ ਕੋ ਰਹੈ ਨ੍ਰਿਪਤਿ ਚਿਤ੍ਰਰਥ ਨਾਮ ॥

ਨਰਬਤਾ ਨਦੀ ਕੋਲ ਚਿਤ੍ਰਰਥ ਨਾਂ ਦਾ ਇਕ ਰਾਜਾ ਰਹਿੰਦਾ ਸੀ

ਦੇਸ ਦੇਸ ਕੇ ਏਸ ਜਿਹ ਜਪਤ ਆਠਹੂੰ ਜਾਮ ॥੧॥

ਜਿਸ ਨੂੰ ਦੇਸ਼ ਦੇਸ਼ ਦੇ ਰਾਜੇ ਅੱਠੇ ਪਹਿਰ ਜਪਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ) ॥੧॥

ਚੌਪਈ ॥

ਚੌਪਈ:

ਚਿਤ੍ਰ ਮੰਜਰੀ ਤਾ ਕੀ ਤ੍ਰਿਯ ਬਰ ॥

ਚਿਤ੍ਰ ਮੰਜਰੀ ਉਸ ਦੀ ਸੁੰਦਰ ਰਾਣੀ ਸੀ,

ਜਾਨੁਕ ਪ੍ਰਭਾ ਦਿਪਤਿ ਕਿਰਣਾਧਰ ॥

ਜਿਸ ਦੀ ਸੁੰਦਰਤਾ ਮਾਨੋ ਸੂਰਜ ਦੇ ਸਮਾਨ ਹੋਵੇ।

ਚਾਰਿ ਪੁਤ੍ਰ ਤਾ ਕੇ ਸੁੰਦਰ ਅਤਿ ॥

ਉਸ ਦੇ ਚਾਰ ਸੁੰਦਰ ਪੁੱਤਰ ਸਨ।

ਸੂਰਬੀਰ ਬਲਵਾਨ ਬਿਕਟ ਮਤਿ ॥੨॥

ਉਹ ਬਹੁਤ ਬਲਵਾਨ, ਸ਼ੂਰਵੀਰ ਅਤੇ ਕਠੋਰ ਬੁੱਧੀ ਵਾਲੇ ਸਨ ॥੨॥

ਦੋਹਰਾ ॥

ਦੋਹਰਾ:

ਚਿਤ੍ਰ ਕੇਤੁ ਬਚਿਤ੍ਰ ਧੁਜ ਸਸਿ ਧੁਜ ਰਵਿ ਧੁਜ ਸੂਰ ॥

ਚਿਤ੍ਰ ਕੇਤੁ, ਬਚਿਤ੍ਰ ਧੁਜ, ਸਸਿ ਧੁਜ ਅਤੇ ਰਵਿ ਧੁਜ (ਨਾਂ ਵਾਲੇ)

ਜਿਨ ਕੇ ਧਨੁਖ ਟੰਕੋਰ ਧੁਨਿ ਰਹਤ ਜਗਤ ਮੈ ਪੂਰ ॥੩॥

ਸੂਰਮਿਆਂ ਦੇ ਧਨੁਸ਼ਾਂ ਦੀ ਟੰਕਾਰ ਦੀ ਧੁਨੀ ਜਗਤ ਵਿਚ ਪੂਰੀ ਰਹਿੰਦੀ ਸੀ ॥੩॥

ਚੌਪਈ ॥

ਚੌਪਈ:

ਨਵਲ ਸਾਹ ਇਕ ਰਹਤ ਨਗਰ ਤਿਹ ॥

ਉਸ ਨਗਰ ਵਿਚ ਇਕ ਨਵਲ ਸ਼ਾਹ ਰਹਿੰਦਾ ਸੀ।

ਸਸਿ ਆਭਾ ਵਤਿ ਦੁਹਿਤਾ ਘਰ ਜਿਹ ॥

ਉਸ ਦੇ ਘਰ ਚੰਦ੍ਰਮਾ ਦੀ ਸੁੰਦਰਤਾ ਵਰਗੀ ਲੜਕੀ ਸੀ।

ਅਮਿਤ ਪ੍ਰਭਾ ਜਾਨਿਯਤ ਜਾ ਕੀ ਜਗ ॥

ਸੰਸਾਰ ਵਿਚ ਉਸ ਦੀ ਬੇਹਿਸਾਬ ਸੁੰਦਰਤਾ ਜਾਣੀ ਜਾਂਦੀ ਸੀ।

ਸੁਰ ਆਸੁਰ ਥਕਿ ਰਹਤ ਨਿਰਖ ਮਗ ॥੪॥

ਦੇਵਤੇ ਅਤੇ ਦੈਂਤ ਉਸ ਦਾ ਰਾਹ ਤਕਦੇ ਥਕ ਜਾਂਦੇ ਸਨ ॥੪॥

ਦੋਹਰਾ ॥

ਦੋਹਰਾ:

ਚਾਰਿ ਪੁਤ ਜੇ ਨ੍ਰਿਪਤਿ ਕੇ ਤਾ ਕੀ ਪ੍ਰਭਾ ਨਿਹਾਰਿ ॥

ਰਾਜੇ ਦੇ ਚਾਰੇ ਪੁੱਤਰ ਉਸ ਦੀ ਸੁੰਦਰਤਾ ਨੂੰ ਵੇਖ ਕੇ

ਰੀਝਿ ਰਹਤ ਭੇ ਚਿਤ ਬਿਖੈ ਮਨ ਕ੍ਰਮ ਬਚ ਨਿਰਧਾਰ ॥੫॥

ਮਨ, ਬਚ ਅਤੇ ਕਰਮ ਕਰ ਕੇ ਚਿਤ ਵਿਚ ਰੀਝੇ ਰਹਿੰਦੇ ਸਨ ॥੫॥

ਚੌਪਈ ॥

ਚੌਪਈ:

ਨ੍ਰਿਪ ਸੁਤ ਦੂਤਿਕ ਤਹਾ ਪਠਾਇਸਿ ॥

ਰਾਜੇ ਦੇ ਪੁੱਤਰਾਂ ਨੇ ਇਕ ਦੂਤੀ ਉਥੇ ਭੇਜੀ।

ਭਾਤਿ ਭਾਤਿ ਤਿਹ ਤ੍ਰਿਯਹਿ ਭੁਲਾਇਸਿ ॥

ਉਸ ਨੇ (ਸ਼ਾਹ ਦੀ) ਪੁੱਤਰੀ ਨੂੰ ਤਰ੍ਹਾਂ ਤਰ੍ਹਾਂ ਨਾਲ ਭੁਲਾਵਾ ਦਿੱਤਾ।

ਇਹੀ ਭਾਤਿ ਚਾਰੌ ਉਠਿ ਧਾਏ ॥

ਇਸ ਤਰ੍ਹਾਂ ਚਾਰੇ ਉਠ ਕੇ ਭਜ ਪਏ

ਚਾਰੋ ਚਲਿ ਤਾ ਕੇ ਗ੍ਰਿਹ ਆਏ ॥੬॥

ਅਤੇ ਚਾਰੇ ਚਲ ਕੇ ਉਸ ਦੇ ਘਰ ਆ ਗਏ ॥੬॥


Flag Counter