ਸ਼੍ਰੀ ਦਸਮ ਗ੍ਰੰਥ

ਅੰਗ - 226


ਨਾਕ ਕਟੀ ਨਿਰਲਾਜ ਨਿਸਾਚਰ ਨਾਹ ਨਿਪਾਤਤ ਨੇਹੁ ਨ ਮਾਨਯੋ ॥੨੫੯॥

ਉਸ ਨਿਰਲੱਜ ਰਾਖਸ਼ਣੀ ਨੇ ਸਾਰੇ ਖਾਨਦਾਨ ਦੀ ਨੱਕ ਵੱਢ ਦਿੱਤੀ ਹੈ, ਉਸ ਨੇ ਰਾਜੇ ਨੂੰ ਮਾਰਦੇ ਹੋਇਆਂ ਵੀ ਸਨੇਹ ਨਹੀਂ ਪ੍ਰਗਟ ਕੀਤਾ ॥੨੫੯॥

ਸੁਮਿਤ੍ਰਾ ਬਾਚ ॥

ਲੱਛਮਣ ਪ੍ਰਤਿ ਸੁਮਿਤ੍ਰਾ ਨੇ ਕਿਹਾ-

ਦਾਸ ਕੋ ਭਾਵ ਧਰੇ ਰਹੀਯੋ ਸੁਤ ਮਾਤ ਸਰੂਪ ਸੀਆ ਪਹਿਚਾਨੋ ॥

ਹੇ ਪੁੱਤਰ! ਦਾਸ ਭਾਵ ਨੂੰ ਧਾਰੀ ਰੱਖਣਾ, ਸੀਤਾ ਨੂੰ ਮਾਤਾ ਸਰੂਪ ਪਛਾਣਨਾ।

ਤਾਤ ਕੀ ਤੁਲਿ ਸੀਆਪਤਿ ਕਉ ਕਰਿ ਕੈ ਇਹ ਬਾਤ ਸਹੀ ਕਰਿ ਮਾਨੋ ॥

ਪਿਤਾ ਦੇ ਬਰਾਬਰ ਸੀਤਾ ਦੇ ਪਤੀ (ਰਾਮ ਚੰਦਰ) ਨੂੰ ਸਮਝ ਕੇ ਇਹ ਗੱਲ ਸਹੀ ਕਰਕੇ ਮੰਨਣਾ

ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨਮਾਨੋ ॥

ਕਿ ਜਿੰਨੇ ਵੀ ਬਣ ਦੇ ਦੁੱਖ ਹਨ, ਉਹਨਾਂ ਸਾਰਿਆਂ ਨੂੰ ਤਨ ਉੱਤੇ ਸੁਖ ਕਰਕੇ ਅਨੁਭਵ ਕਰਨਾ।

ਰਾਮ ਕੇ ਪਾਇ ਗਹੇ ਰਹੀਯੋ ਬਨ ਕੈ ਘਰ ਕੋ ਘਰ ਕੈ ਬਨੁ ਜਾਨੋ ॥੨੬੦॥

ਰਾਮ ਚੰਦਰ ਦੇ ਚਰਨ ਫੜੀ ਰੱਖਣਾ, ਘਰ ਨੂੰ ਬਣ ਅਤੇ ਬਣ ਨੂੰ ਘਰ ਕਰਕੇ ਜਾਣਨਾ ॥੨੬੦॥

ਰਾਜੀਵ ਲੋਚਨ ਰਾਮ ਕੁਮਾਰ ਚਲੇ ਬਨ ਕਉ ਸੰਗਿ ਭ੍ਰਾਤਿ ਸੁਹਾਯੋ ॥

ਕਮਲ ਵਰਗੀਆਂ ਅੱਖਾਂ ਵਾਲੇ ਰਾਮ ਕੁਮਾਰ ਬਣ ਨੂੰ ਚਲੇ ਹਨ, ਨਾਲ (ਛੋਟਾ) ਭਰਾ ਸ਼ੋਭਾ ਪਾ ਰਿਹਾ ਹੈ।

ਦੇਵ ਅਦੇਵ ਨਿਛਤ੍ਰ ਸਚੀਪਤ ਚਉਕੇ ਚਕੇ ਮਨ ਮੋਦ ਬਢਾਯੋ ॥

ਦੇਵਤੇ, ਦੈਂਤ, ਤਾਰੇ ਅਤੇ ਇੰਦਰ ਆਦਿ ਚੌਂਕ ਕੇ ਚਕ੍ਰਿਤ ਹੋਏ ਹਨ ਅਤੇ ਮਨ ਵਿੱਚ ਆਨੰਦ ਵਧਾਇਆ ਹੈ।

ਆਨਨ ਬਿੰਬ ਪਰਯੋ ਬਸੁਧਾ ਪਰ ਫੈਲਿ ਰਹਿਯੋ ਫਿਰਿ ਹਾਥਿ ਨ ਆਯੋ ॥

(ਜਿਸ ਦੇ) ਮੂੰਹ ਦੀ ਪਰਛਾਈ ਧਰਤੀ ਉੱਤੇ ਪੈ ਕੇ ਪਸਰ ਜਾਂਦੀ ਹੈ ਅਤੇ ਫਿਰ ਹੱਥ ਨਹੀਂ ਆਉਂਦੀ,

ਬੀਚ ਅਕਾਸ ਨਿਵਾਸ ਕੀਯੋ ਤਿਨ ਤਾਹੀ ਤੇ ਨਾਮ ਮਯੰਕ ਕਹਾਯੋ ॥੨੬੧॥

ਉਸ ਨੇ ਆਕਾਸ਼ ਵਿੱਚ ਨਿਵਾਸ ਕੀਤਾ ਹੋਇਆ ਹੈ, ਇਸੇ ਕਰਕੇ (ਆਪਣਾ) ਨਾਮ 'ਚੰਦ੍ਰਮਾ' ਅਖਵਾਇਆ ਹੈ ॥੨੬੧॥

ਦੋਹਰਾ ॥

ਦੋਹਰਾ

ਪਿਤ ਆਗਿਆ ਤੇ ਬਨ ਚਲੇ ਤਜਿ ਗ੍ਰਹਿ ਰਾਮ ਕੁਮਾਰ ॥

ਪਿਤਾ ਦੀ ਆਗਿਆ ਕਰਕੇ ਰਾਮ ਕੁਮਾਰ ਘਰ ਨੂੰ ਛੱਡ ਕੇ ਬਣ ਨੂੰ ਚਲੇ ਹਨ

ਸੰਗ ਸੀਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ ॥੨੬੨॥

ਅਤੇ (ਉਨ੍ਹਾਂ ਦੇ) ਨਾਲ ਮ੍ਰਿਗਨੈਣੀ ਸੀਤਾ ਹੈ, ਜਿਸ ਦੀ ਅਪਾਰ ਸੁੰਦਰਤਾ ਹੈ ॥੨੬੨॥

ਇਤਿ ਸ੍ਰੀ ਰਾਮ ਬਨਬਾਸ ਦੀਬੋ ॥

ਇਥੇ ਸ੍ਰੀ ਰਾਮ ਨੂੰ ਬਨਵਾਸ ਦੇਣਾ ਸਮਾਪਤ।

ਅਥ ਬਨਬਾਸ ਕਥਨੰ ॥

ਹੁਣ ਬਨਵਾਸ ਦਾ ਕਥਨ

ਸੀਤਾ ਅਨੁਮਾਨ ਬਾਚ ॥

ਸੀਤਾ ਦਾ ਸਰੂਪ

ਬਿਜੈ ਛੰਦ ॥

ਬਿਜੈ ਛੰਦ

ਚੰਦ ਕੀ ਅੰਸ ਚਕੋਰਨ ਕੈ ਕਰਿ ਮੋਰਨ ਬਿਦੁਲਤਾ ਅਨਮਾਨੀ ॥

ਸੀਤਾ ਨੂੰ ਚਕੋਰਾਂ ਨੇ ਚੰਦ੍ਰਮਾ ਦੀ ਅੰਸ਼ ਕਰਕੇ ਅਤੇ ਮੋਰਾਂ ਨੇ ਬਿਜਲੀ ਕਰਕੇ,

ਮਤ ਗਇੰਦਨ ਇੰਦ੍ਰ ਬਧੂ ਭੁਨਸਾਰ ਛਟਾ ਰਵਿ ਕੀ ਜੀਅ ਜਾਨੀ ॥

ਮਸਤ ਹਾਥੀਆਂ ਨੇ ਇੰਦਰ ਦੀ ਪਤਨੀ (ਸਚੀ) ਕਰਕੇ ਅਤੇ ਪ੍ਰਭਾਤ ਨੇ ਸੂਰਜ ਦੀ ਛਟਾ ਰੂਪ ਕਰਕੇ (ਆਪਣੇ) ਜੀਅ ਵਿੱਚ ਜਾਣਿਆ ਹੈ।

ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕ੍ਰਿਯਾ ਕਰ ਮਾਨੀ ॥

ਦੇਵਤਿਆਂ ਨੇ ਦੋਖਾਂ ਦੀ ਹਰਤਾ ਕਰਕੇ, ਅਤੇ ਦੈਂਤਾਂ ਨੇ ਕਾਲ-ਕ੍ਰਿਆ ਰੂਪ ਕਰਕੇ ਮੰਨਿਆ ਹੈ।

ਦੇਸਨ ਸਿੰਧ ਦਿਸੇਸਨ ਬ੍ਰਿੰਧ ਜੋਗੇਸਨ ਗੰਗ ਕੈ ਰੰਗ ਪਛਾਨੀ ॥੨੬੩॥

ਦੇਸ਼ਾਂ ਨੇ ਸਮੁੰਦਰ ਕਰਕੇ ਦਿੱਗਜਾਂ ਨੇ ਬ੍ਰਹਮਾ ਕਰਕੇ ਅਤੇ ਯੋਗੀਸਰਾਂ ਨੇ ਗੰਗਾ ਦਾ ਰੂਪ ਕਰਕੇ ਪਛਾਣਿਆ ਹੈ ॥੨੬੩॥

ਦੋਹਰਾ ॥

ਦੋਹਰਾ

ਉਤ ਰਘੁਬਰ ਬਨ ਕੋ ਚਲੇ ਸੀਅ ਸਹਿਤ ਤਜਿ ਗ੍ਰੇਹ ॥

ਉਧਰ ਰਾਮ ਚੰਦਰ ਸੀਤਾ ਸਮੇਤ ਘਰ ਨੂੰ ਛੱਡ ਕੇ ਬਣ ਨੂੰ ਚਲੇ ਹਨ।

ਇਤੈ ਦਸਾ ਜਿਹ ਬਿਧਿ ਭਈ ਸਕਲ ਸਾਧ ਸੁਨਿ ਲੇਹ ॥੨੬੪॥

ਇਧਰ ਜਿਸ ਤਰ੍ਹਾਂ ਦੀ ਹਾਲਤ ਹੋਈ ਹੈ (ਉਸ ਨੂੰ) ਸਾਰੇ ਸੰਤੋ ਧਿਆਨ ਨਾਲ ਸੁਣ ਲਵੋ ॥੨੬੪॥


Flag Counter