ਸ਼੍ਰੀ ਦਸਮ ਗ੍ਰੰਥ

ਅੰਗ - 967


ਨ੍ਰਿਪਹੂੰ ਕੋ ਅਤਿ ਚਾਹਤ ਪ੍ਯਾਰੀ ॥

ਉਹ ਵੀ ਰਾਜੇ ਨੂੰ ਬਹੁਤ ਪਿਆਰ ਕਰਦੀ ਸੀ।

ਦੁਹੂੰਅਨ ਪਰਮ ਪ੍ਰੀਤ ਭੀ ਐਸੀ ॥

ਉਨ੍ਹਾਂ ਦੋਹਾਂ ਦੀ ਅਜਿਹੀ ਪਰਮ ਪ੍ਰੀਤ ਸੀ,

ਸੀਤਾ ਸੋ ਰਘੁਨਾਥਨ ਵੈਸੀ ॥੪॥

ਜਿਹੋ ਜਿਹੀ ਸੀਤਾ ਅਤੇ ਰਾਮ ਦੀ ਸੀ ॥੪॥

ਏਕ ਹੇਰਿ ਤ੍ਰਿਯ ਰਾਵ ਲੁਭਾਨੋ ॥

ਇਕ ਇਸਤਰੀ ਨੂੰ ਵੇਖ ਕੇ ਰਾਜੇ ਦਾ ਮਨ ਲਲਚਾ ਗਿਆ

ਨਿਜੁ ਤ੍ਰਿਯ ਸੰਗ ਨੇਹ ਘਟ ਮਾਨੋ ॥

ਅਤੇ ਆਪਣੀ ਇਸਤਰੀ ਨਾਲ ਉਸ ਦਾ ਪ੍ਰੇਮ ਘਟ ਗਿਆ।

ਜਬ ਇਹ ਕ੍ਰਿਸਨ ਕੁਅਰਿ ਸੁਨਿ ਪਾਈ ॥

ਜਦ ਇਹ ਗੱਲ ਕ੍ਰਿਸ਼ਨ ਕੁਅਰਿ ਨੇ ਸੁਣੀ

ਰਾਜਾ ਪੈ ਚਿਤ ਤੇ ਖੁਨਸਾਈ ॥੫॥

ਤਾਂ ਰਾਜੇ ਪ੍ਰਤਿ ਮਨ ਵਿਚ ਬਹੁਤ ਖਿਝੀ ॥੫॥

ਕ੍ਰਿਸਨ ਕੁਅਰਿ ਚਿਤ ਅਧਿਕ ਰਿਸਾਈ ॥

ਕ੍ਰਿਸ਼ਨ ਕੁਅਰਿ ਮਨ ਵਿਚ ਬਹੁਤ ਕ੍ਰੋਧਿਤ ਹੋਈ

ਮਨ ਮੈ ਘਾਤ ਯਹੈ ਠਹਰਾਈ ॥

ਅਤੇ ਮਨ ਵਿਚ ਇਹ ਜੁਗਤ ਬਣਾਈ।

ਦੁਹਕਰਿ ਕਰਿ ਮੈ ਆਜੁ ਸੁ ਕਰਿਹੋ ॥

ਅਜ ਮੈਂ ਅਜਿਹਾ ਔਖਾ ਕੰਮ ਕਰਾਂਗੀ

ਨ੍ਰਿਪਹ ਸੰਘਾਰਿ ਆਪੁ ਪੁਨਿ ਮਰਿਹੋ ॥੬॥

ਅਤੇ ਰਾਜੇ ਨੂੰ ਮਾਰ ਕੇ ਫਿਰ ਆਪ ਮਰਾਂਗੀ ॥੬॥

ਦੋਹਰਾ ॥

ਦੋਹਰਾ:

ਤਬ ਰਾਨੀ ਚਿਤ ਤੇ ਜਰੀ ਮਨ ਮੈ ਅਧਿਕ ਰਿਸਾਇ ॥

ਤਦ ਰਾਣੀ ਚਿਤ ਵਿਚ ਸੜ ਗਈ ਅਤੇ ਮਨ ਵਿਚ ਬਹੁਤ ਕ੍ਰੋਧਿਤ ਹੋਈ

ਜ੍ਯੋਂ ਸੀਸੋ ਸਰ ਕੇ ਲਗੇ ਤੂਟਿ ਤਰਕ ਦੈ ਜਾਇ ॥੭॥

ਜਿਵੇਂ ਬਾਣ ਦੇ ਲਗਣ ਨਾਲ ਸ਼ੀਸ਼ਾ ਤਿੜਕ ਕੇ ਟੁਟ ਜਾਂਦਾ ਹੈ ॥੭॥

ਪਠੈ ਦੂਤ ਰਾਜੈ ਤੁਰਤ ਲੀਨੀ ਤਰੁਨਿ ਬੁਲਾਇ ॥

ਰਾਜੇ ਨੇ ਤੁਰਤ ਦੂਤ ਭੇਜ ਕੇ (ਉਸ) ਇਸਤਰੀ ਨੂੰ ਬੁਲਾ ਲਿਆ

ਗਰਬ ਪ੍ਰਹਰਿ ਝਖ ਕੇਤੁ ਕੋ ਸੋਇ ਰਹੈ ਸੁਖੁ ਪਾਇ ॥੮॥

ਅਤੇ ਕਾਮ ਦੇਵ ('ਝਖ ਕੇਤੁ') ਦਾ ਗਰਬ ਦੂਰ ਕਰ ਕੇ (ਭਾਵ ਸੰਯੋਗ ਕਰ ਕੇ) ਸੁਖ ਪੂਰਵਕ ਸੌਂ ਗਿਆ ॥੮॥

ਚੌਪਈ ॥

ਚੌਪਈ:

ਜਬ ਐਸੇ ਰਾਨੀ ਸੁਨਿ ਪਾਈ ॥

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ

ਜਮਧਰ ਲਏ ਹਾਥ ਮੋ ਆਈ ॥

ਤਾਂ ਜਮਧਾੜ ਹੱਥ ਵਿਚ ਲੈ ਕੇ ਆ ਗਈ।

ਬਿਸਨ ਸਿੰਘ ਪਤਿ ਪ੍ਰਥਮ ਸੰਘਾਰਿਯੋ ॥

ਪਹਿਲਾਂ (ਆਪਣੇ) ਪਤੀ ਬਿਸ਼ਨ ਸਿੰਘ ਨੂੰ ਮਾਰਿਆ

ਤਾ ਪਾਛੇ ਤਿਹ ਤ੍ਰਿਯ ਕੋ ਮਾਰਿਯੋ ॥੯॥

ਅਤੇ ਉਸ ਪਿਛੋਂ ਉਸ ਇਸਤਰੀ ਨੂੰ ਵੀ ਮਾਰ ਦਿੱਤਾ ॥੯॥

ਦੋਹਰਾ ॥

ਦੋਹਰਾ:

ਮਾਰਿ ਮਾਸ ਤ੍ਰਿਯ ਤਵਨ ਕੋ ਰਾਧਿ ਲਯੋ ਤਿਹ ਕਾਲ ॥

ਉਸ ਇਸਤਰੀ ਨੂੰ ਮਾਰ ਕੇ ਉਸ ਦਾ ਮਾਸ ਤੁਰਤ ਰਿੰਨ੍ਹ ਲਿਆ

ਸਦਨ ਏਕ ਉਮਰਾਵ ਕੇ ਭੇਜ ਦਯੋ ਤਤਕਾਲ ॥੧੦॥

ਅਤੇ ਇਕ ਸਾਮੰਤ ਦੇ ਘਰ ਉਸੇ ਵੇਲੇ ਭੇਜ ਦਿੱਤਾ ॥੧੦॥

ਮਾਸ ਜਾਨਿ ਤਾ ਕੋ ਤੁਰਤ ਚਾਬਿ ਗਏ ਸਭ ਸੋਇ ॥

ਉਸ ਨੂੰ ਮਾਸ ਸਮਝ ਕੇ ਸਭ ਉਸ ਨੂੰ ਖਾ ਗਏ

ਭਲੋ ਭਲੋ ਸਭ ਕੋ ਕਹੈ ਭੇਦ ਨ ਪਾਵੈ ਕੋਇ ॥੧੧॥

ਅਤੇ ਸਾਰੇ 'ਚੰਗਾ ਚੰਗਾ' ਕਹਿਣ ਲਗੇ, (ਪਰ ਇਸ ਦਾ) ਭੇਦ ਕੋਈ ਵੀ ਪਾ ਨਾ ਸਕਿਆ ॥੧੧॥

ਹਾਥ ਪਾਵ ਨ੍ਰਿਪ ਕੇ ਸਕਲ ਸੰਗ ਮੁਤਹਰੀ ਤੋਰਿ ॥

(ਉਸ ਨੇ) ਰਾਜੇ ਦੇ ਸਾਰੇ ਅੰਗ ਸੋਟੇ ਨਾਲ ਤੋੜ ਕੇ

ਸੀੜਨ ਪਰ ਤੇ ਆਨਿ ਕੈ ਦਯੋ ਧਰਨਿ ਕਹ ਛੋਰਿ ॥੧੨॥

ਅਤੇ ਪੌੜੀਆਂ ਉਤੋਂ ਲਿਆ ਕੇ ਧਰਤੀ ਉਤੇ ਸੁਟ ਦਿੱਤਾ ॥੧੨॥

ਮਦਰਾ ਕੇ ਮਦ ਸੋ ਛਕ੍ਯੋ ਉਰ ਜਮਧਰ ਕੀ ਖਾਇ ॥

ਸ਼ਰਾਬ ਦੇ ਨਸ਼ੇ ਨਾਲ ਮਦਹੋਸ਼ ਹੋ ਕੇ ਛਾਤੀ ਵਿਚ ਜਮਧਾੜ ਮਰਵਾਈ

ਸੀੜਿਨ ਤੇ ਖਿਸਕਤ ਨ੍ਰਿਪਤ ਪਰਿਯੋ ਧਰਨਿ ਪਰ ਆਇ ॥੧੩॥

ਅਤੇ ਪੌੜੀਆਂ ਉਤੋਂ ਖਿਸਕਦਾ ਰਾਜਾ ਧਰਤੀ ਉਤੇ ਆਣ ਪਿਆ ॥੧੩॥

ਸ੍ਰੋਨਤ ਸੋ ਭੀਜਤ ਭਈ ਸਕਲ ਧਰਨਿ ਸਰਬੰਗ ॥

ਸਾਰੀ ਧਰਤੀ ਲਹੂ ਨਾਲ ਰੰਗੀ ਗਈ

ਆਨਿ ਤਰੇ ਰਾਜਾ ਪਰਿਯੋ ਲਗੇ ਕਟਾਰੀ ਅੰਗ ॥੧੪॥

ਅਤੇ ਸ਼ਰੀਰ ਵਿਚ ਕਟਾਰ ਖਾ ਕੇ ਰਾਜਾ ਹੇਠਾਂ ਆ ਡਿਗਿਆ ॥੧੪॥

ਚੌਪਈ ॥

ਚੌਪਈ:

ਜਬ ਨ੍ਰਿਪ ਮਰਿਯੋ ਤ੍ਰਿਯਹਿ ਲਖਿ ਪਾਯੋ ॥

ਜਦ ਇਸਤਰੀ ਨੇ ਰਾਜੇ ਨੂੰ ਮਰਿਆ ਹੋਇਆ ਵੇਖਿਆ

ਭਾਤਿ ਭਾਤਿ ਹ੍ਵੈ ਦੁਖਿਤ ਸੁਨਾਯੋ ॥

ਤਾਂ ਕਈ ਤਰ੍ਹਾਂ ਨਾਲ ਦੁਖ ਪ੍ਰਗਟ ਕੀਤਾ।

ਕੌਨ ਕਾਲ ਗਤਿ ਕਰੀ ਹਮਾਰੀ ॥

ਕਾਲ ਨੇ ਮੇਰੀ ਕੀ ਗਤੀ ਕਰ ਦਿੱਤੀ ਹੈ

ਰਾਜਾ ਜੂ ਚੁਭਿ ਮਰੇ ਕਟਾਰੀ ॥੧੫॥

ਕਿ ਰਾਜਾ ਜੀ ਕਟਾਰ ਦੇ ਚੁਭ ਜਾਣ ਨਾਲ ਮਰ ਗਏ ਹਨ ॥੧੫॥

ਜਬ ਰਾਨੀ ਹ੍ਵੈ ਦੀਨ ਉਘਾਯੋ ॥

ਜਦ ਰਾਣੀ ਨੇ ਦੁਖੀ ਹੋ ਕੇ ਪੁਕਾਰ ਕੀਤੀ

ਬੈਠੇ ਸਭ ਲੋਗਨ ਸੁਨਿ ਪਾਯੋ ॥

ਤਾਂ ਸਾਰੇ ਲੋਕਾਂ ਨੇ ਬੈਠਿਆਂ ਹੋਇਆਂ ਸੁਣਿਆਂ।

ਤਾ ਕੋ ਸਭ ਪੂਛਨਿ ਮਿਲਿ ਆਏ ॥

ਸਭ ਮਿਲ ਕੇ ਉਸ ਨੂੰ ਪੁਛਣ ਆਏ

ਕੋਨੈ ਦੁਸਟ ਰਾਵ ਜੂ ਘਾਏ ॥੧੬॥

ਕਿ ਕਿਸ ਦੁਸ਼ਟ ਨੇ ਰਾਜਾ ਜੀ ਨੂੰ ਮਾਰਿਆ ਹੈ? ॥੧੬॥

ਤਬ ਰਾਨੀ ਅਤਿ ਦੁਖਿਤ ਬਖਾਨ੍ਯੋ ॥

ਤਦ ਰਾਣੀ ਨੇ ਬਹੁਤ ਦੁਖੀ ਹੋ ਕੇ ਦਸਿਆ

ਤਾ ਕੋ ਭੇਦ ਕਛੂ ਨ ਪਛਾਨ੍ਯੋ ॥

ਕਿ ਇਸ ਦਾ ਭੇਦ ਸਮਝਿਆ ਨਹੀਂ ਜਾ ਸਕਦਾ।

ਪ੍ਰਥਮ ਰਾਵ ਜੂ ਮਾਸੁ ਮੰਗਾਯੋ ॥

ਪਹਿਲਾਂ ਰਾਜਾ ਜੀ ਨੇ ਮਾਸ ਮੰਗਵਾਇਆ।

ਆਪੁ ਭਖ੍ਰਯੋ ਕਛੁ ਭ੍ਰਿਤਨ ਪਠਾਯੋ ॥੧੭॥

ਕੁਝ ਆਪ ਖਾਇਆ (ਬਾਕੀ) ਨੌਕਰਾਂ ਨੂੰ ਭੇਜ ਦਿੱਤਾ ॥੧੭॥

ਪੁਨਿ ਰਾਜਾ ਜੂ ਅਮਲ ਮੰਗਾਯੋ ॥

ਫਿਰ ਰਾਜਾ ਜੀ ਨੇ ਸ਼ਰਾਬ ('ਅਮਲ') ਮੰਗਵਾਈ।

ਆਪੁ ਪਿਯੋ ਕਛੁ ਹਮੈ ਪਿਯਾਯੋ ॥

ਆਪ ਪੀਤੀ ਅਤੇ ਕੁਝ ਮੈਨੂੰ ਵੀ ਪਿਲਾਈ।

ਪੀਏ ਕੈਫ ਕੈ ਅਤਿ ਮਤਿ ਭਏ ॥

ਸ਼ਰਾਬ ਪੀ ਕੇ ਬਹੁਤ ਮਸਤ ਹੋ ਗਏ।


Flag Counter