ਉਹ ਇਕ ਰਾਜੇ ਨੂੰ ਵਿਆਹੀ ਹੋਈ ਸੀ ਪਰ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ॥੧॥
ਚੌਪਈ:
ਰਾਜੇ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ
ਪਰ ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਨਾ ਦਿੱਤੀ।
(ਉਸ ਦੀ) ਸਾਰੀ ਜਵਾਨ ਅਵਸਥਾ ਖ਼ਤਮ ਹੋ ਗਈ
ਅਤੇ ਅੰਤ ਨੂੰ ਬੁਢਾਪਾ ਆ ਗਿਆ ॥੨॥
ਤਦ ਰਾਣੀ ਜਵਾਨ ਹੋ ਗਈ
ਜਦ ਰਾਜੇ ਦੀ ਜਵਾਨੀ ਬੀਤ ਗਈ।
ਉਸ ਨਾਲ ਰਾਜਾ ਭੋਗ ਨਹੀਂ ਕਰਦਾ ਸੀ
ਜਿਸ ਕਰ ਕੇ ਇਸਤਰੀ ਮਨ ਵਿਚ ਬਹੁਤ ਸੜਦੀ ਸੀ (ਅਰਥਾਤ ਦੁਖੀ ਹੁੰਦੀ ਸੀ) ॥੩॥
ਦੋਹਰਾ:
ਰਾਨੀ ਨੇ ਇਕ ਮਰਦ ਨਾਲ ਦੋਸਤੀ ਕਾਇਮ ਕਰ ਲਈ।
ਰੋਜ਼ ਘਰ ਬੁਲਾ ਕੇ ਉਸ ਨਾਲ ਕਾਮ ਭੋਗ ਕਰਦੀ ॥੪॥
ਚੌਪਈ:
ਉਸ ਨੂੰ ਧਰਮ ਦਾ ਭਰਾ ਮਿਥ ਕੇ
ਸਾਰੇ ਸੰਸਾਰ ਵਿਚ ਇਸ ਗੱਲ ਨੂੰ ਧੁੰਮਾ ਦਿੱਤਾ।
ਉਸ ਨੂੰ ਭਰਾ ਭਰਾ ਕਰ ਕੇ ਨਿੱਤ ਬੁਲਾਉਂਦੀ ਸੀ
ਅਤੇ (ਉਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ਸੀ ॥੫॥
(ਰਾਣੀ ਸੋਚਦੀ ਕਿ) ਇਸ ਤੋਂ ਜੋ ਮੈਨੂੰ ਪੁੱਤਰ ਪੈਦਾ ਹੋਵੇਗਾ,
ਉਸ ਨੂੰ ਸਭ ਕੋਈ ਰਾਜੇ ਦਾ ਪੁੱਤਰ ਸਮਝੇਗਾ।
(ਇਸ ਨਾਲ) ਦੇਸ਼ ਵਸਦਾ ਰਹੇਗਾ, ਲੋਕੀਂ ਸੁਖ ਪੂਰਵਕ ਰਹਿਣਗੇ
ਅਤੇ ਮੇਰੇ ਚਿਤ ਦਾ ਸਾਰਾ ਦੁਖ ਦੂਰ ਹੋ ਜਾਏਗਾ ॥੬॥
ਅੜਿਲ:
ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕਰਨ ਲਗੀ।
ਰਾਜੇ ਦੀ ਸਾਰੀ ਗੱਲ (ਉਸ ਨੇ) ਮਨ ਤੋਂ ਭੁਲਾ ਦਿੱਤੀ।
ਉਹ ਅੱਖਾਂ ਨਾਲ ਅੱਖਾਂ ਮਿਲਾ ਇਸ ਤਰ੍ਹਾਂ ਲਿਪਟਦੀ ਸੀ
ਜਿਵੇਂ ਹਿਰਨ ਹਿਰਨੀ ਨੂੰ ਵੇਖ ਕੇ ਫਸ ਜਾਂਦਾ ਹੈ ॥੭॥
ਇਨ੍ਹਾਂ ਦਿਨਾਂ ਵਿਚ ਹੀ ਰਾਜਾ ਸਵਰਗ ਸਿਧਾਰ ਗਿਆ।
ਰਾਜ ਨੂੰ ਬਰਬਾਦ ਹੁੰਦਿਆਂ ਵੇਖ ਕੇ ਲੋਕੀਂ ਵਿਆਕੁਲ ਹੋ ਗਏ।
ਤਦ ਰਾਣੀ ਨੇ ਮਿਤਰ ਨੂੰ ਬੁਲਾ ਲਿਆ
ਅਤੇ ਉਸ ਨੂੰ ਛਤ੍ਰ ਧਾਰਨ ਕਰਵਾ ਕੇ ਰਾਜ-ਪਾਟ ਸੌਂਪ ਦਿੱਤਾ ॥੮॥
ਚੌਪਈ:
ਸਾਡੇ ਘਰ ਕੋਈ ਪੁੱਤਰ ਨਹੀਂ ਹੋਇਆ
ਅਤੇ ਰਾਜਾ ਜੀ ਸਵਰਗ ਸਿਧਾਰ ਗਏ ਹਨ।
ਹੁਣ ਇਹ ਮੇਰਾ ਭਰਾ ਰਾਜ ਕਰੇਗਾ
ਅਤੇ ਇਸ ਦੇ ਸਿਰ ਉਤੇ ਸੁਭ ਛਤ੍ਰ ਝੁਲੇਗਾ ॥੯॥
(ਹੁਣ) ਮੇਰਾ ਇਹ ਭਰਾ ਰਾਜ ਕਰੇਗਾ
ਅਤੇ ਚੌਰ ਤੇ ਛਤ੍ਰ ਇਸ ਦੇ ਸਿਰ ਉਤੇ ਝੁਲੇਗਾ।
ਸਾਰੇ ਸ਼ੂਰਬੀਰਾਂ ਨੂੰ ਆਗਿਆ ਕਰੇਗਾ।
ਜਿਥੇ ਭੇਜੋਗਾ, ਉਥੇ ਜਾਣਗੇ ॥੧੦॥
ਦੋਹਰਾ:
ਰਾਣੀ ਨੇ ਇਸ ਤਰ੍ਹਾਂ ਬੋਲ ਕਹਿ ਕੇ (ਆਪਣੇ) ਯਾਰ ਨੂੰ ਰਾਜ ਦੇ ਦਿੱਤਾ।
ਮਿਤਰ ਨੂੰ ਛਤ੍ਰ ਅਤੇ ਰਾਜ-ਸਾਜ ਦੇ ਕੇ ਰਾਜਾ ਬਣਾ ਦਿੱਤਾ ॥੧੧॥
ਚੌਪਈ:
ਸਾਰਿਆਂ ਸੂਰਮਿਆਂ ਨੂੰ (ਉਸ ਨੇ ਯਾਰ ਦੇ) ਪੈਰੀਂ ਪਵਾਇਆ
ਅਤੇ ਪਿੰਡ ਪਿੰਡ ਦੇ ਚੌਧਰੀ ਬੁਲਵਾਏ।
ਉਨ੍ਹਾਂ ਨੂੰ ਸਿਰੋਪੇ ਦੇ ਕੇ ਵਾਪਸ ਭੇਜ ਦਿੱਤਾ
ਅਤੇ ਆਪ ਯਾਰ ਨਾਲ ਭੋਗ ਕਰਨ ਲਗੀ ॥੧੨॥
(ਹੁਣ) ਮੇਰਾ ਰਾਜ ਸਫਲ ਹੋ ਗਿਆ
(ਅਤੇ ਇਸ ਤਰ੍ਹਾਂ) ਸਾਰਾ ਧਨ ਅਤੇ ਰਾਜ ਮਿਤਰ ਨੂੰ ਦੇ ਦਿੱਤਾ।
(ਕਹਿਣ ਲਗੀ) ਮੇਰੇ ਅਤੇ ਮਿਤਰ ਵਿਚ ਕੋਈ ਭੇਦ ਨਹੀਂ ਹੈ।
(ਇਹ ਗੱਲ) ਸਾਰੇ ਬਾਲ ਅਤੇ ਬਿਰਧ ਜਾਣਦੇ ਹਨ ॥੧੩॥
ਸਾਰੀ ਪ੍ਰਜਾ ਇਸ ਤਰ੍ਹਾਂ ਕਹਿ ਰਹੀ ਸੀ
ਅਤੇ ਸਭਾ-ਸਦਨ ਵਿਚ ਬੈਠ ਕੇ ਵਿਚਾਰ ਕਰ ਰਹੀ ਸੀ
ਕਿ ਰਾਣੀ ਨੇ ਰਾਜ ਨੂੰ ਬਰਬਾਦ ਹੁੰਦਿਆਂ ਵੇਖ ਲਿਆ,
ਇਸ ਲਈ ਰਾਜ ਭਰਾ ਨੂੰ ਦੇ ਦਿੱਤਾ ॥੧੪॥
ਦੋਹਰਾ:
ਰਾਣੀ (ਆਪਣੇ ਯਾਰ ਦੇ) ਜਵਾਨ ਸ਼ਰੀਰ ਨੂੰ ਵੇਖ ਕੇ ਕੇਲ-ਕ੍ਰੀੜਾ ਕਰਦੀ ਹੋਈ ਬਹੁਤ ਪ੍ਰਸੰਨ ਹੋਈ।
ਉਸ ਨੂੰ ਇਹ ਚਰਿਤ੍ਰ ਖੇਡ ਕੇ ਰਾਜ-ਪਾਟ ਦੇ ਦਿੱਤਾ ॥੧੫॥
ਮੂਰਖ ਲੋਕ ਇਸ ਤਰ੍ਹਾਂ ਕਹਿ ਰਹੇ ਸਨ ਕਿ ਬਰਬਾਦ ਹੁੰਦਿਆਂ ਵੇਖ ਕੇ (ਰਾਣੀ ਨੇ) ਰਾਜ ਭਰਾ ਨੂੰ ਪ੍ਰਦਾਨ ਕਰ ਦਿੱਤਾ।
ਪਰ ਉਹ ਵਾਸਤਵਿਕ ਭੇਦ ਨੂੰ ਨਾ ਸਮਝ ਸਕੇ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੮॥੩੯੩੪॥ ਚਲਦਾ॥
ਦੋਹਰਾ:
ਧਾਰਾ ਨਗਰ ਵਿਚ ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ।
ਉਹ ਚੌਦਾਂ ਵਿਦਿਆਵਾਂ ਵਿਚ ਨਿਪੁਣ ਅਤੇ ਸੂਰਵੀਰ ਤੇ ਬਲਵਾਨ ਸੀ ॥੧॥
ਚੌਪਈ:
ਉਸ ਦੀ ਭਾਨ ਮਤੀ ਨਾਂ ਦੀ ਸੁੰਦਰ ਰਾਣੀ ਸੀ
ਅਤੇ ਪਿੰਗੁਲ ਦੇਵੀ ਵੀ ਪ੍ਰਾਣਾਂ ਤੋਂ ਪਿਆਰੀ ਸੀ।
ਰਾਣੀਆਂ ਦੀ ਅਨੂਪਮ ਸੁੰਦਰਤਾ ਸ਼ੋਭਦੀ ਸੀ।
ਉਨ੍ਹਾਂ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁੱਤਰੀਆਂ ਭਲਾ ਕੀ ਸਨ ॥੨॥
ਦੋਹਰਾ:
ਭਾਨ ਮਤੀ ਦੀ ਬਹੁਤ ਅਧਿਕ ਸੁੰਦਰਤਾ ਜਲ ਥਲ ਵਿਚ ਸਮਾ ਰਹੀ ਸੀ।