ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।
ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ।
ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ।
(ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥
ਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ,
ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥
ਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ)।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ,
ਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ ॥੨॥
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।