ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)।
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥
ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ।
(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ),
ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥
ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ।
ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥
ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥
ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।
(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।
ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥
(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,
ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥
ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
ਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥