(ਮਾਇਆ ਦੇ ਪ੍ਰਭਾਵ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭੌਰੇ ਵਾਂਗ ਭਟਕਦਾ ਹੈ,
ਮਨ ਇੰਦ੍ਰਿਆਂ ਦੀ ਰਾਹੀਂ ਬਹੁਤੇ ਵਿਅਰਥ ਵਿਕਾਰ ਕਰਨੇ ਚਾਹੁੰਦਾ ਹੈ,
ਇਹ ਮਨ ਕਾਮਾਤੁਰ ਹਾਥੀ ਵਾਂਗ ਫਸਦਾ ਹੈ,
ਜੋ ਸੰਗਲ ਨਾਲ ਕੜ ਕੇ ਬੰਨ੍ਹਿਆ ਜਾਂਦਾ ਹੈ ਤੇ ਸਿਰ ਉਤੇ ਚੋਟਾਂ ਸਹਾਰਦਾ ਹੈ ॥੨॥
ਮੂਰਖ ਮਨ ਭਗਤੀ ਤੋਂ ਵਾਂਜਿਆ ਰਹਿੰਦਾ ਹੈ, (ਇਹ ਮੂਰਖ ਮਨ, ਮਾਨੋ) ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ)।
(ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, (ਮਾਨੋ) ਸਰਾਪਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।
ਜੇਹੜਾ ਮਨੁੱਖ ਨਾਮ ਤੋਂ ਖ਼ਾਲੀ ਹੈ ਉਸ ਦੀ ਨਾਹ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ ਨਾਹ ਚੰਗੀ ਕੁਲ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ,
ਉਹ ਆਤਮਕ ਗੁਣਾਂ ਤੋਂ ਵਾਂਜਿਆ ਰਹਿੰਦਾ ਹੈ, ਸਾਰੇ ਦੁਖ ਹੀ ਦੁਖ ਉਸ ਦੇ ਸਾਥੀ ਬਣੇ ਰਹਿੰਦੇ ਹਨ ॥੩॥
ਇਹ ਮਨ ਚੰਚਲ ਹੈ, ਇਸ ਨੂੰ ਰੋਕ ਕੇ ਰੱਖ ਤਾਕਿ ਇਹ (ਵਿਕਾਰਾਂ ਦੇ ਪਿੱਛੇ) ਭਟਕਦਾ ਨਾਹ ਫਿਰੇ।
ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਨਾਹ ਕਿਤੇ ਇੱਜ਼ਤ ਮਿਲਦੀ ਹੈ ਨਾਹ ਕੋਈ ਇਤਬਾਰ ਕਰਦਾ ਹੈ।
(ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪ ਹੀ (ਸਾਡੀਆਂ ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈਂ, ਤੇ ਆਪ ਹੀ ਸਾਡਾ ਰਾਖਾ ਹੈਂ।
ਸ੍ਰਿਸ਼ਟੀ ਰਚ ਕੇ ਪਰਮਾਤਮਾ ਆਪ ਹੀ (ਇਸ ਦੀਆਂ ਲੋੜਾਂ ਭੀ) ਜਾਣਦਾ ਹੈ ॥੪॥
(ਹੇ ਮਾਂ!) ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ ਜਾ ਕੇ ਆਖਾਂ? ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾਂਦਾ ਹੈ,
ਹੇ ਮਾਂ! ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ, ਸੋ, ਮੈਂ ਗੁਰੂ ਦੇ ਦਰ ਤੇ ਹੀ ਦਿਲ ਦਾ ਦੁੱਖ ਕਹਿ ਸਕਦਾ ਹਾਂ।
ਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੫॥
ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੀ) ਮੱਤ ਸ੍ਰੇਸ਼ਟ ਹੋ ਜਾਂਦੀ ਹੈ,
ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ,
ਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ, ਕੋਈ (ਵਿਕਾਰ) ਉਸ ਨੂੰ ਕਾਬੂ ਨਹੀਂ ਕਰ ਸਕਦਾ,
ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਕੋਈ ਹੋਰ (ਸ਼ੁਗ਼ਲ ਉਸ ਨੂੰ ਆਪਣੇ ਵਲ ਖਿੱਚ) ਨਹੀਂ ਪਾ ਸਕਦਾ ॥੬॥
(ਪਰ ਜੀਵ ਦੇ ਕੀਹ ਵੱਸ? ਇਸ ਮਨ ਦੀ ਕੋਈ ਪੇਸ਼ ਨਹੀਂ ਜਾ ਸਕਦੀ) ਇਹ ਮਨ ਪਰਮਾਤਮਾ ਦੇ ਭਾਣੇ ਅਨੁਸਾਰ (ਮਾਇਆ ਦੇ ਮੋਹ ਵਿਚ) ਭਟਕਦਾ ਫਿਰਦਾ ਹੈ,
ਉਹ ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵੱਸਦਾ ਹੈ (ਉਸ ਦੀ ਰਜ਼ਾ ਦੇ ਉਲਟ) ਕੋਈ ਹੀਲ-ਹੁੱਜਤ ਕੀਤੀ ਨਹੀਂ ਜਾ ਸਕਦੀ।
ਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿਚ ਹੀ ਬੱਝੀ ਰਹਿੰਦੀ ਹੈ।
(ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ ॥੭॥
ਹੇ ਪ੍ਰਭੂ! ਤੂੰ ਅਭੁੱਲ ਹੈਂ, ਗ਼ਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ।
(ਤੇਰੀ ਰਜ਼ਾ ਅਨੁਸਾਰ) ਗੁਰੂ ਜਿਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਉਸ ਮਨੁੱਖ ਦੀ ਮੱਤ ਭੀ ਅਗਾਧ (ਡੂੰਘੀ) ਹੋ ਜਾਂਦੀ ਹੈ (ਭਾਵ, ਉਹ ਭੀ ਡੂੰਘੀ ਸਮਝ ਵਾਲਾ ਹੋ ਜਾਂਦਾ ਹੈ ਤੇ ਕੋਈ ਉਕਾਈ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ)।
ਹੇ ਪ੍ਰਭੂ! ਤੂੰ ਵੱਡਾ (ਪਾਲਣਹਾਰ) ਮਾਲਕ ਹੈਂ ਤੇ ਗੁਰੂ ਦੇ ਸ਼ਬਦ ਵਿਚ ਵੱਸਦਾ ਹੈਂ (ਭਾਵ, ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਤੇਰਾ ਦਰਸਨ ਹੋ ਜਾਂਦਾ ਹੈ)।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਨਾਨਕ ਦਾ ਮਨ (ਉਸ ਦੀ ਯਾਦ ਵਿਚ) ਗਿੱਝ ਗਿਆ ਹੈ ॥੮॥੨॥
ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ,
ਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ।
(ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
ਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸਨ ਵਾਸਤੇ ਤਰਲੇ ਲੈਂਦੀ ਹੈ,
ਪਰ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਤੇਰੇ ਸਰੂਪ ਨੂੰ) ਪਛਾਣਦਾ ਹੈ ॥੧॥ ਰਹਾਉ ॥
ਵੇਦ ਆਦਿਕ ਧਰਮ-ਪੁਸਤਕ ਭੀ ਵਿਆਖਿਆ ਕਰ ਕੇ ਇਹੀ ਆਖਦੇ ਹਨ ਕਿ ਇਕ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ,
ਜੋ ਬੇਅੰਤ ਹੈ ਤੇ ਜਿਸ ਦਾ ਅੰਤ ਕਿਸੇ ਜੀਵ ਨੇ ਨਹੀਂ ਲੱਭਾ।
ਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ,
ਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ॥੨॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਲਗਨ ਹੀ ਅਸਲ ਗਿਆਨ ਹੈ ਤੇ ਅਸਲ ਧਿਆਨ (ਜੋੜਨਾ) ਹੈ।
ਇਕ ਪਰਮਾਤਮਾ ਹੀ ਐਸਾ ਹੈ ਜਿਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ[
ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ (ਮਨੁੱਖ ਦੇ ਪਾਸ ਇਸ ਜੀਵਨ-ਪੰਧ ਵਿਚ) ਸੱਚਾ ਪਰਵਾਨਾ ਹੈ।
ਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ (ਇਹ) ਸਮਝ ਲੈਂਦਾ ਹੈ ॥੩॥
ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ,
ਉਹੀ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ;
ਉਹ ਮਨੁੱਖ ਇਕ-ਤਾਰ ਸੁਰਤ ਜੋੜ ਕੇ ਅਬਿਨਾਸੀ ਪ੍ਰਭੂ ਵਿਚ ਮਸਤ ਰਹਿੰਦਾ ਹੈ,
ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ ॥੪॥
(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇਕ ਤਖ਼ਤ ਹੈ।
ਉਹ ਪਾਤਿਸ਼ਾਹ ਸਭ ਥਾਵਾਂ ਵਿਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।
ਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ,
ਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ ॥੫॥
(ਇਹ ਸਾਰਾ ਸੰਸਾਰ ਉਸੇ) ਇਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ,
ਉਸ ਦੀ ਦਰਗਾਹ ਵਿਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ।
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ,
ਉਸ ਨੂੰ ਸੱਚੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿਚ ਉਹ ਕਬੂਲ ਹੁੰਦਾ ਹੈ ॥੬॥
(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ) ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਇਕੋ ਇਕ ਸਹੀ ਜੀਵਨ-ਰਾਹ ਹੈ।
ਜੇਹੜਾ ਮਨੁੱਖ ਭਗਤੀ ਤੋਂ ਸੱਖਣਾ ਹੈ ਪ੍ਰਭੂ ਦੇ ਡਰ-ਅਦਬ ਤੋਂ ਖ਼ਾਲੀ ਹੈ ਉਸ ਨੂੰ ਜੰਮਣ ਮਰਨ ਦਾ ਗੇੜ ਮਿਲਿਆ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ,