ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥
ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ।
ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥
(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ।
ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥
ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ।
ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥
(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ।
ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ॥੨੦॥
ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ।
ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ॥੨੧॥
(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ)।
ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ॥੨੨॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਤੇਗਬਹਾਦਰ ਜੀ ਦੇ ਸਲੋਕ।
ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥
ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥
(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥
(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥
(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।
ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥
ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।
ਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥
ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥
ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥