ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ॥੨॥
ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ।
ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ॥੩॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ।
(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ॥੪॥੨॥੧੦੪॥
ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,
ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ॥੧॥
ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।
ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ,
ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ॥੨॥
ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।
ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ॥੩॥
(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ।
(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ॥੪॥੩॥੧੦੫॥
ਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ 'ਪਿਆਰਾ, ਪਿਆਰਾ' ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ।
(ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ? ॥੧॥
ਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ।
ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ॥੧॥ ਰਹਾਉ ॥
ਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ,
ਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ,
ਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ॥੩॥
(ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ)।
ਹੇ ਨਾਨਕ! (ਆਖ-) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ ॥੪॥੪॥੧੦੬॥
ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ।
(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ॥੧॥
ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ)
ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥
ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ।
(ਪਰ) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ॥੨॥
ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ।
ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ॥੩॥
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ।
(ਪਰ ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ॥੪॥੫॥੧੦੭॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?
(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।
ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥
(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।
ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥