ਰੋਗ ਦੇ ਬੰਧਨਾਂ ਦੇ ਕਾਰਨ (ਜੂਨਾਂ ਵਿਚ) ਭਟਕਣ ਤੋਂ ਰਤਾ ਭਰ ਭੀ ਖ਼ਲਾਸੀ ਨਹੀਂ ਪਾ ਸਕਦਾ।
ਗੁਰੂ ਦੀ ਸਰਨ ਤੋਂ ਬਿਨਾ (ਇਹ) ਰੋਗ ਕਿਸੇ ਤਰ੍ਹਾਂ ਭੀ ਦੂਰ ਨਹੀਂ ਹੁੰਦਾ ॥੩॥
ਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ,
ਉਸ ਨੂੰ ਉਸ ਨੇ ਬਾਂਹ ਫੜ ਕੇ ਰੋਗ ਵਿਚੋਂ ਬਚਾ ਲਿਆ।
ਜਦੋਂ ਉਸ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਉਸ ਦੇ (ਆਤਮਕ ਰੋਗਾਂ ਦੇ ਸਾਰੇ) ਬੰਧਨ ਟੁੱਟ ਗਏ।
ਨਾਨਕ ਆਖਦਾ ਹੈ- (ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦਾ) ਰੋਗ ਮਿਟਾ ਦਿੱਤਾ ॥੪॥੭॥੨੦॥
(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ॥੧॥
ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ,
ਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ॥੧॥ ਰਹਾਉ ॥
(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ॥੨॥
(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ,
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
ਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੪॥੮॥੨੧॥
(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿਤਾ, ਤਦੋਂ ਮੈਨੂੰ ਨਿਸ਼ਚਾ ਬਣ ਗਿਆ ਕਿ) ਅਸਾਂ ਜੀਵਾਂ ਦਾ ਪ੍ਰਭੂ-ਪਿਤਾ ਸਦਾ ਕਾਇਮ ਰਹਿਣ ਵਾਲਾ ਹੈ,
ਮੇਰੇ ਨਾਲ ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ ਭੀ ਸਦਾ ਹੀ ਆਤਮਕ ਜੀਵਨ ਵਾਲੇ ਬਣ ਗਏ,
ਮੇਰੇ ਨਾਲ ਹਰਿ-ਨਾਮ-ਸਿਮਰਨ ਦੀ ਪ੍ਰੇਮ ਰੱਖਣ ਵਾਲੇ ਸਦਾ ਲਈ ਅਟੱਲ ਜੀਵਨ ਵਾਲੇ ਹੋ ਗਏ,
(ਸਾਰੀਆਂ ਇੰਦ੍ਰੀਆਂ ਦਾ) ਮੇਰਾ ਪਰਵਾਰ ਪ੍ਰਭੂ-ਚਰਨਾਂ ਵਿਚ ਟਿਕੇ ਰਹਿਣ ਵਾਲਾ ਬਣ ਗਿਆ ॥੧॥
ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਤਦੋਂ (ਮੇਰੇ ਨਾਲ ਸੰਬੰਧ ਰੱਖਣ ਵਾਲੇ ਮੀਤ ਭਾਈ ਸਾਰੇ ਇੰਦ੍ਰੇ-ਇਹ) ਸਾਰੇ ਹੀ (ਆਤਮਕ ਆਨੰਦ ਦੀ ਬਰਕਤਿ ਨਾਲ) ਸੁਖੀ ਹੋ ਗਏ,
ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ ॥੧॥ ਰਹਾਉ ॥
(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ, ਤਦੋਂ ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ) ਟਿਕਾਣੇ ਸਾਰੀਆਂ (ਮਾਇਕ ਪ੍ਰੇਰਨਾ) ਤੋਂ ਉੱਚੇ ਹੋ ਗਏ,
ਮੇਰੀ ਜਿੰਦ ਦੇ ਆਤਮਕ ਅਸਥਾਨ ਇਤਨੇ ਉੱਚੇ ਹੋ ਗਏ ਕਿ ਜਮ-ਰਾਜ ਉੱਥੇ ਕੁਝ ਪੁੱਛਣ-ਜੋਗਾ ਹੀ ਨਾਹ ਰਿਹਾ।
ਤਦੋਂ ਮੇਰੀ ਆਪਣੇ ਇੰਦ੍ਰਿਆਂ ਉੱਤੇ ਹਕੂਮਤ ਸਦਾ ਲਈ ਅਟੱਲ ਹੋ ਗਈ,
ਤਦੋਂ ਮੇਰੇ ਪਾਸ ਇਤਨਾ ਨਾਮ ਖ਼ਜ਼ਾਨਾ ਇਕੱਠਾ ਹੋ ਗਿਆ, ਜੋ ਮੁੱਕ ਹੀ ਨਾਹ ਸਕੇ, ਜੋ ਸਦਾ ਲਈ ਕਾਇਮ ਰਹੇ ॥੨॥
(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ, ਮੈਨੂੰ ਸਮਝ ਆ ਗਈ ਕਿ ਇਹ ਜੋ ਪ੍ਰਭੂ ਦੀ ਸੋਭਾ) ਸਾਰੇ ਜੁਗਾਂ ਵਿਚ ਹੋ ਰਹੀ ਹੈ।
ਮੇਰੇ ਵਾਸਤੇ ਭੀ ਇਹੀ ਸੋਭਾ ਹੈ (ਇਹ ਜੋ) ਹਰੇਕ ਥਾਂ ਵਿਚ (ਪ੍ਰਭੂ ਦੀ) ਵਡਿਆਈ ਹੋ ਰਹੀ ਹੈ ਮੇਰੇ ਲਈ ਭੀ ਇਹੀ ਵਡਿਆਈ ਹੈ,
(ਇਹ ਜੋ) ਹਰੇਕ ਘਰ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਹੋ ਰਹੀ ਹੈ, ਮੇਰੇ ਲਈ ਭੀ ਇਹੀ ਹੈ,
(ਇਹ ਜੋ) ਸਭਨਾਂ ਲੋਕਾਂ ਵਿਚ (ਪ੍ਰਭੂ ਦੀ) ਭਗਤੀ ਹੋ ਰਹੀ ਹੈ ਮੇਰੇ ਲਈ ਭੀ ਇਹੀ ਹੈ (ਪ੍ਰਭੂ-ਚਰਨਾਂ ਵਿਚ ਮਿਲਾਪ ਦੀ ਬਰਕਤਿ ਨਾਲ ਮੈਨੂੰ ਕਿਸੇ ਸੋਭਾ ਮਸ਼ਹੂਰੀ ਕੀਰਤੀ ਮਾਣ-ਆਦਰ ਦੀ ਵਾਸਨਾ ਨਹੀਂ ਰਹੀ) ॥੩॥
(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ) ਪ੍ਰਭੂ-ਪਿਤਾ ਜੀ ਮੇਰੇ ਹਿਰਦੇ ਵਿਚ ਪਰਗਟ ਹੋ ਪਏ,
ਪ੍ਰਭੂ-ਪਿਤਾ ਨੇ ਮੇਰੇ ਨਾਲ ਇਉਂ ਪਿਆਰ ਪਾ ਲਿਆ ਜਿਵੇਂ ਪਿਉ ਆਪਣੇ ਪੁੱਤਰ ਨਾਲ ਪਿਆਰ ਬਣਾਂਦਾ ਹੈ।
ਨਾਨਕ ਆਖਦਾ ਹੈ- ਜਦੋਂ ਪਿਤਾ-ਪ੍ਰਭੂ (ਆਪਣੇ ਕਿਸੇ ਪੁੱਤਰ ਉੱਤੇ) ਦਇਆਵਾਨ ਹੁੰਦਾ ਹੈ,
ਤਦੋਂ ਪ੍ਰਭੂ-ਪਿਤਾ ਤੇ ਜੀਵ-ਪੁੱਤਰ ਇੱਕੋ ਪਿਆਰ ਵਿਚ ਇਕ-ਮਿਕ ਹੋ ਜਾਂਦੇ ਹਨ ॥੪॥੯॥੨੨॥
ਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ ਗੁਰੂ ਪੁਰਖ! ਹੇ ਦਾਤਾਰ ਪ੍ਰਭੂ!
ਅਸੀਂ (ਜੀਵ) ਭੁੱਲਾਂ ਕਰਨ ਵਾਲੇ ਹਾਂ, ਤੁਸੀਂ (ਸਾਡੀਆਂ) ਭੁੱਲਾਂ ਬਖ਼ਸ਼ਣ ਵਾਲੇ ਹੋ।
ਹੇ ਸਤਿਗੁਰੂ! ਜਿਸ ਪਾਪੀ ਨੂੰ ਹੋਰ ਕਿਤੇ ਆਸਰਾ ਨਹੀਂ ਮਿਲਦਾ,
ਜਦੋਂ ਉਹ ਤੇਰੀ ਸਰਨ ਆ ਜਾਂਦਾ ਹੈ, ਤਾਂ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ॥੧॥
ਗੁਰੂ ਨੂੰ ਹਿਰਦੇ ਵਿਚ ਵਸਾ ਕੇ (ਮਨੁੱਖ) ਸਾਰੇ (ਇੱਛਿਤ) ਫਲ ਹਾਸਲ ਕਰ ਲੈਂਦਾ ਹੈ।
ਗੁਰੂ ਨੂੰ ਪ੍ਰਸੰਨ ਕਰ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥
ਹੇ ਗੁਰੂ! ਹੇ ਪ੍ਰਭੂ! (ਤੈਨੂੰ ਮੇਰੀ) ਨਮਸਕਾਰ ਹੈ।
(ਅਸਾਂ ਜੀਵਾਂ ਦਾ ਇਹ) ਮਨ (ਇਹ) ਤਨ ਤੇਰਾ ਹੀ ਦਿੱਤਾ ਹੋਇਆ ਹੈ (ਜੋ ਕੁਝ ਦਿੱਸ ਰਿਹਾ ਹੈ) ਸਾਰਾ ਤੇਰਾ ਹੀ ਦੇਸ ਹੈ (ਹਰ ਥਾਂ ਤੂੰ ਹੀ ਵੱਸ ਰਿਹਾ ਹੈਂ)।
(ਜਦੋਂ ਕਿਸੇ ਜੀਵ ਦੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਮੁੱਕ ਜਾਂਦਾ ਹੈ ਤਦੋਂ ਤੂੰ ਉਸ ਨੂੰ ਦਿੱਸ ਪੈਂਦਾ ਹੈਂ।
(ਉਹ ਜਾਣ ਲੈਂਦਾ ਹੈ ਕਿ) ਹੇ ਸਭ ਜੀਵਾਂ ਦੇ ਪਾਤਿਸ਼ਾਹ! ਤੂੰ (ਹੀ ਸਭ ਦਾ) ਖਸਮ ਹੈਂ ॥੨॥
ਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਸੁੱਕੇ ਕਾਠ ਹਰੇ ਹੋ ਜਾਂਦੇ ਹਨ,
ਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਥਲ ਉੱਤੇ ਸਰੋਵਰ ਬਣ ਜਾਂਦਾ ਹੈ।
ਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗ ਪਏ, ਤਦੋਂ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਦੀ ਚਰਨੀਂ ਲੱਗ ਕੇ (ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ ॥੩॥