ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ,
(ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ।
ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।
ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ।
ਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ ॥੨॥
(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ।
ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ ॥੧॥ ਰਹਾਉ ॥
(ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ)।
ਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਔਕੜਾਂ ਤੋਂ) ਬਚਾ ਲਏਗਾ।
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ।
(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ ॥੩॥
ਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ।
ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ।
ਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ।
(ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ ॥੪॥
ਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ।
ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ ॥੧॥ ਰਹਾਉ ॥
ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ। ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ?
ਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ।
ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ।
ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ ॥੫॥
(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ।
ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ), ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ।
(ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ।
(ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ॥੬॥
(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ।
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ॥੧॥ ਰਹਾਉ ॥