(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ,
(ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ॥੨॥
(ਹੇ ਭਾਈ! ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ,
ਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ॥੩॥
ਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ,
ਹੇ ਨਾਨਕ! (ਆਖ-) ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ ॥੪॥੯੫॥੧੬੪॥
(ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ,
ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ ॥
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ।
ਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥
(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥
(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ,
ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥
(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,
ਨਾਨਕ ਆਖਦਾ ਹੈ- ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥
ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ,
ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ,
ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ ॥
(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ,
(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ।
ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥
(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ,
ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥
(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।
ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ ॥
(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ,
(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥
(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ,
(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥
(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)।
ਹੇ ਨਾਨਕ! (ਆਖ-) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥
(ਹੇ ਭਾਈ! ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ,
(ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ ॥੧॥
(ਹੇ ਭਾਈ!) ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ,
ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥ ਰਹਾਉ ॥
(ਹੇ ਭਾਈ!) ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ,
ਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥
(ਹੇ ਭਾਈ!) ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।
ਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) ॥੩॥
(ਹੇ ਭਾਈ!) ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।
(ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ ॥੪॥
ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ,
ਹੇ ਨਾਨਕ! (ਆਖ-) ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ ॥੫॥੯੯॥੧੬੮॥
(ਹੇ ਭਾਈ!) ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ,
ਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥