ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 208


ਗਉੜੀ ਮਹਲਾ ੫ ॥

ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥

(ਹੇ ਭਾਈ!) ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ।

ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥

ਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ॥੧॥ ਰਹਾਉ ॥

ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥

(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ)।

ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥

ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥

ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥

(ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ। (ਭਟਕਣੋਂ ਹਟ ਗਏ ਹਨ), ਇਹ ਸਾਰੇ ਇਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ।

ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥

(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥

ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥

(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ।

ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥

(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ॥੩॥

ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥

(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ।

ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥

(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ-ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ। (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ॥੪॥

ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥

(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ।

ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥

ਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ॥੫॥੧੧॥੧੩੨॥

ਗਉੜੀ ਮਹਲਾ ੫ ॥

ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥

ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ।

ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥

ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ॥੧॥ ਰਹਾਉ ॥

ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥

(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।

ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥

(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ॥੧॥

ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥

(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥

(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ॥੨॥

ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥

(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ।

ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

ਹੇ ਨਾਨਕ! (ਆਖ-ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੩॥੧੨॥੧੩੩॥

ਗਉੜੀ ਮਹਲਾ ੫ ॥

ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥

ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।

ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ ॥

ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥

ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ।

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥

(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ-ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ॥੧॥

ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥

ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ,

ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥

ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ॥੨॥

ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥

(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ।

ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹੈ ॥੩॥

ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥

ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ।

ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ॥੪॥੧੩॥੧੩੪॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430