(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।
ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥
ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।
ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥
(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;
(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।
(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);
ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।
(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।
ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥
(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;
ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥
('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,
ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।
ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;
ਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;
ਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।
(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।
ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥
(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);
ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥
ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।
ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।
(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥
ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;
ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।
ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
ਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।