ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,
(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥
ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ।
(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ।
ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ।
(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥
(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ)।
ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥
ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ।
(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥
ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ।
(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥
ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ।
ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥
ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ,
ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ। ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥
ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥
ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, 'ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ'-ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ।