ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;
(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।
ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;
(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,
ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।
ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;
ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;
ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।
(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।
ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥
ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,
(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।
ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;
ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।
ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,
(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।
ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,
(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥
ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,
(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।
ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),
ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।
(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)
(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।
ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।
ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥
ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;
ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥
(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।
ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥
ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;
ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।
ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।
ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।
ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।
ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।
ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ