ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,
ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ।
ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,
ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ॥੧॥
ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ।
(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ।
(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ।
(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,
ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ॥੨॥
(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ)।
ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ।
ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,
ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ॥੩॥
(ਹੇ ਪ੍ਰਭੂ! ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।
ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ।
ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ।
(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ॥੪॥੬॥
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।
ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,
(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,
ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥
ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,
ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥
(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।
(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।
ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,
ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥
(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,
ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।
ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,
ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥
ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,
ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥
ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।
ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।
(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।
ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥
(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,
ਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।
(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,
ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥
ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,
ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।
ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,
ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥