ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥
ਰਾਗ ਮਾਰੂ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;
ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ।
ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ।
ਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ-(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥ ਰਹਾਉ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ।
ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ।
ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ॥੨॥
ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ।
(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ 'ਨਾਰਾਇਣ ਨਰਹਰੀ' ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ।
ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ॥੩॥
ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ।
ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।
ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੧॥
ਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ।
ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ੍ਰ ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ।
ਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਗੁਰੂ ਦੀ ਸਰਨ ਪੈ ਕੇ ਪਾਰ ਲੰਘ ਗਿਆ ॥੧॥ ਰਹਾਉ ॥
ਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ।
ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ।
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੨॥
ਹੇ ਮੇਰੇ ਮਨ! ਤੇਤੀ ਕ੍ਰੋੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ।
ਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ।
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੩॥
ਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ।
ਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ।
ਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੪॥੨॥