ਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-
ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ।
ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥
ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ।
ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)।
ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥
(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ।
ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥
ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,
ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।
ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥
ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,
ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ।
ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥
ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!
ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ।
ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,
ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।
ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥
ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ।
ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।
ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ।
ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ।
(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ।
ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ।
ਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ।
ਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ।
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥
ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ।
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ।
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥
ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ।
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ।