ਜੇਹੜੀ (ਮਨੁੱਖਾ-) ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਸ ਦਾ ਮਨ ਤੇ ਸਰੀਰ ਸਫਲ ਹੋ ਜਾਂਦਾ ਹੈ।
ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ॥੨॥
ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ ਤੇ ਉਸ ਵਿੱਚ ਹਰਿ-ਨਾਮ-ਬੀਜ ਬੀਜਦਾ ਹੈ, ਤੇ ਹਰਿ-ਨਾਮ ਦਾ ਹੀ ਵਪਾਰ ਕਰਦਾ ਹੈ,
ਉਸ ਨੂੰ ਹਰ-ਰੋਜ਼ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੩॥
ਉਸ ਮਨੁੱਖ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ,
ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਤੇ ਐਸਾ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ॥੫॥
ਮੇਰਾ ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਦਾ ਇਹ ਸਦਕਾ ਹੈ) ॥੬॥
ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ;
ਤਾਂ ਉਹ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ॥੭॥
ਹੇ ਨਾਨਕ! ਜਦੋਂ ਸਦਾ-ਥਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ ਤਦੋਂ ਹੀ ਉਹ ਉਸ ਨੂੰ ਮਿਲਦੇ ਹਨ, ਪ੍ਰਭੂ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ।
ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਪ੍ਰਭੂ ਆਪ ਜੀਵਾਂ ਨੂੰ ਰਾਹੇ ਪਾਈ ਰਖਦਾ ਹੈ ਆਪਣੇ ਹੁਕਮ ਅਨੁਸਾਰ ॥੮॥੧॥
ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ, ਜਿਸ ਮਨੁੱਖ ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ,
ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਤੇ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ ॥੧॥
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ ਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ॥੧॥ ਰਹਾਉ ॥
ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਜਦੋਂ ਮਨੁੱਖ ਗੁਰੂ ਦੀ ਮੱਤ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੨॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹੁ,
ਤੇ ਇੰਜ ਮਨ-ਇੱਛਤ ਫਲ ਹਾਸਲ ਕਰ! ਪਰਮਾਤਮਾ ਸਦਾ ਪਵਿਤ੍ਰ ਹੈ ਤੇ ਸਦਾ ਸੁਖ ਦੇਣ ਵਾਲਾ ਹੈ ॥੩॥
ਪਰਮਾਤਮਾ ਦੀ ਸਰਨ ਪਿਆਂ ਅਸੀਂ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ।
ਪਰਮਾਤਮਾ (ਵਿਕਾਰਾਂ ਵਿਚੋਂ) ਡਿਗੇ ਹੋਏ ਪੱਥਰ-ਚਿੱਤ ਮਨੁੱਖ ਨੂੰ ਭੀ ਬਚਾ ਲੈਂਦਾ ਹੈ, ਤੇ ਅਸਲ ਇੱਜ਼ਤ ਬਖ਼ਸ਼ਦਾ ਹੈ ॥੪॥
ਜੇਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ।
ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ ॥੫॥
ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ ਉਹ ਹੀ ਖੱਟੀ ਖੱਟਦਾ ਹੈ (ਲਾਭ ਲੈਂਦਾ ਹੈ),
ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, (ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ ਕੀਮਤੀ ਜੀਵਨ ਗਵਾ ਲੈਂਦੇ ਹਨ।
ਹਰਿ-ਨਾਮ ਜੋ ਸਦਾ ਲਈ ਸੁਖਾਂ ਨਾਲ ਭਰਪੂਰ ਹੈ, ਪਰ ਉਹਨਾਂ ਨੂੰ ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਚੰਗਾ ਨਹੀਂ ਲੱਗਦਾ ॥੭॥
ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ॥੮॥੨॥
ਰਾਗ ਵਡਹੰਸ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਰੀਰ (ਹਿਰਦੇ) ਨੂੰ ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ।
ਕੇਵਲ ਉਸ ਮਨੁੱਖ ਦਾ ਨਹਾਉਣਾ ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਜਦੋਂ ਸਦਾ-ਥਿਰ ਪ੍ਰਭੂ ਹਿਰਦੇ ਵਿੱਚ ਆ ਵਸਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ।