ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਹੇ ਸੰਤ ਜਨੋ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ।
ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ ॥੧॥ ਰਹਾਉ ॥
(ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁੱਖ ਦੋਹਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਰ ਤੇ ਨਿਰਾਦਰੀ ਨੂੰ (ਭੀ) ਇਕ ਸਮਾਨ ਜਾਣਦਾ ਹੈ।
(ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ), ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ ॥੧॥
(ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ) ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
(ਪਰ) ਹੇ ਨਾਨਕ! ਇਹ (ਜੀਵਨ-) ਖੇਡ (ਖੇਡਣੀ) ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਸਮਝਦਾ ਹੈ ॥੨॥੧॥
ਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ,
(ਕਿ) ਇਕ ਮਨੁੱਖ (ਤਾਂ) ਮਰਦਾ ਹੈ (ਪਰ) ਦੂਜਾ ਮਨੁੱਖ (ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥
(ਹੇ ਸੰਤ ਜਨੋ!) ਮਨੁੱਖ ਕਾਮ ਦੇ ਕ੍ਰੋਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ।
ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ) ॥੧॥
(ਹੇ ਸੰਤ ਜਨੋ!) ਜਿਵੇਂ ਬੱਦਲ ਦੀ ਛਾਂ (ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ) ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ (ਆਪਣੇ ਆਪਣੇ ਸਮੇ) ਨਾਸ ਹੋ ਜਾਂਦਾ ਹੈ।
ਹੇ ਦਾਸ ਨਾਨਕ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ॥੨॥੨॥
(ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ।
(ਹੇ ਭਾਈ!) ਦੱਸ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ? ॥੧॥ ਰਹਾਉ ॥
(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ।
(ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗ-ਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ॥੧॥
ਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ।
ਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ॥੨॥੩॥
ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ,
(ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ ॥੧॥ ਰਹਾਉ ॥
(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ।
(ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥
ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ)।
ਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ ॥੨॥੪॥
ਹੇ ਸੰਤ ਜਨੋ! (ਸਦਾ) ਗੋਬਿੰਦ ਦੇ ਗੁਣ ਗਾਂਦੇ ਰਿਹਾ ਕਰੋ।
ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ? ॥੧॥ ਰਹਾਉ ॥
(ਹੇ ਸੰਤ ਜਨੋ!) ਪਰਮਾਤਮਾ ਉਹਨਾਂ ਬੰਦਿਆਂ ਨੂੰ ਭੀ ਪਵਿਤ੍ਰ ਕਰਨ ਵਾਲਾ ਹੈ ਜੇਹੜੇ ਵਿਕਾਰਾਂ ਵਿਚ ਡਿੱਗੇ ਹੋਏ ਹੁੰਦੇ ਹਨ, ਉਹ ਹਰੀ ਗਰੀਬਾਂ ਦਾ ਸਹਾਈ ਹੈ। ਤੁਸੀ ਭੀ ਉਸੇ ਦੀ ਸਰਨ ਪਵੋ।
ਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀ ਉਸ ਨੂੰ ਕਿਉਂ ਭੁਲਾ ਰਹੇ ਹੋ? ॥੧॥
(ਹੇ ਸੰਤ ਜਨੋ!) ਅਹੰਕਾਰ ਦੂਰ ਕਰ ਕੇ ਅਤੇ ਮਾਇਆ ਦਾ ਮੋਹ ਦੂਰ ਕਰ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿਚ ਜੋੜੀ ਰੱਖੋ।
ਨਾਨਕ ਆਖਦਾ ਹੈ-ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀ ਇਹ ਰਸਤਾ ਲੱਭ ਸਕੋਗੇ ॥੨॥੫॥
ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ।