(ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ।
ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
ਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ, ਉਸ ਦੀ ਮੌਤ ਵੀ ਅਵੱਸ਼ ਹੋਵੇਗੀ। ਇਹ ਮਤ ਦੀ ਵਾਰੀ ਸਭ ਨੂੰ ਆਉਣ ਵਾਲੀ ਹੈ।
ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ।
(ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) ॥੨੦॥
(ਜੇ ਕੋਈ ਪ੍ਰੇਮੀ ਜੀਊੜਾ ਆਪਣੇ ਪਿਆਰੇ ਤੋਂ ਬਿਨਾ) ਕਿਸੇ ਹੋਰ ਵਿਚ (ਭੀ) ਚਿੱਤ ਜੋੜ ਲਏ, ਤਾਂ ਉਸ ਦੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ।
ਹੇ ਨਾਨਕ! ਉਹੀ ਮਨੁੱਖ ਸੱਚਾ ਆਸ਼ਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ।
(ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ (ਕੰਮ) ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ, ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ (ਭਾਵ, ਆਪਣੇ ਵਲੋਂ ਆਏ ਕਿਸੇ ਸੁਖ ਨੂੰ ਤਾਂ ਹੱਸ ਕੇ ਕਬੂਲ ਕਰੇ, ਪਰ ਦੁੱਖ ਨੂੰ ਵੇਖ ਕੇ ਘਾਬਰ ਜਾਏ),
ਉਹ ਮਨੁੱਖ ਭੀ, ਹੇ ਨਾਨਕ! ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ ॥੧॥
(ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ।
ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ-ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ॥੨॥
ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।
ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।
ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।
ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ।
(ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ॥੨੧॥
ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ,
ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।
ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ,
ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ ॥੧॥
ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ।
ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ ॥੨॥
ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ,
ਕਿਉਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ)।
ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ)।
ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ।
ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ ॥੩॥
ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ-
ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ॥੪॥
ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;
ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ ॥੫॥
ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ,
ਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ।
ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ,
ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।
ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
ਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ ॥੨੨॥
ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ।