ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;
ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;
ਪਉਣ ਵਿਚ, ਪਾਣੀ ਵਿਚ, ਅੱਗ ਵਿਚ,
ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।
ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;
(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;
ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;
ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;
(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।
ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,
(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;
ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),
ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;
(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,
ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥
ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,
ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।
ਸੰਤ ਜਨ ਭਲੇ ਬਚਨ ਹੀ ਸੁਣਦੇ ਹਨ,
ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,
ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;
(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
ਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
ਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥
ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।)
ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ।
ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ,
ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।
ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ;
ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ?
ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ।
ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ,
ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,
(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ।
(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ,
(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।
(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ,
ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
ਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ।
ਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।
(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,
ਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥
ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;
ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?
ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,
ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।
ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,
ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,
ਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
ਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
ਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,
ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।
ਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,