ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ।
(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥
ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ,
ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) ॥੬੬॥
ਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ।
ਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ ॥੬੭॥੪॥
ਗੁਰੂ ਅਰਜਨਦੇਵ ਜੀ ਦੀ ਬਾਣੀ 'ਗਾਥਾ' (ਕਥਾ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ।
(ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥
ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ-
ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥
ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)।
ਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥
ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)।
ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥
ਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ,
ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ।
ਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥
ਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥
(ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ,
(ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥
ਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥
ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ।
ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥
ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ।
ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥
ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ।
ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥
ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ,
ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ,
ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ,
ਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥
(ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, (ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ।