ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1074


ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥

ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ ॥੪॥

ਸਚੁ ਤਪਾਵਸੁ ਸਚੇ ਕੇਰਾ ॥

ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ।

ਸਾਚਾ ਥਾਨੁ ਸਦਾ ਪ੍ਰਭ ਤੇਰਾ ॥

ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ।

ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥

ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ ॥੫॥

ਏਕੋ ਆਪਿ ਤੂਹੈ ਵਡ ਰਾਜਾ ॥

ਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ।

ਹੁਕਮਿ ਸਚੇ ਕੈ ਪੂਰੇ ਕਾਜਾ ॥

ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ।

ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥

ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ ॥੬॥

ਤੂ ਵਡ ਰਸੀਆ ਤੂ ਵਡ ਭੋਗੀ ॥

ਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ।

ਤੂ ਨਿਰਬਾਣੁ ਤੂਹੈ ਹੀ ਜੋਗੀ ॥

(ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ।

ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥

ਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ ॥੭॥

ਤੇਰੀ ਦਾਤਿ ਤੁਝੈ ਤੇ ਹੋਵੈ ॥

ਹੇ ਪ੍ਰਭੂ! ਜਿਤਨੀ ਦਾਤ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ।

ਦੇਹਿ ਦਾਨੁ ਸਭਸੈ ਜੰਤ ਲੋਐ ॥

ਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ।

ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥

ਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ। ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ ॥੮॥

ਜਾਚਹਿ ਸਿਧ ਸਾਧਿਕ ਬਨਵਾਸੀ ॥

ਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ।

ਜਾਚਹਿ ਜਤੀ ਸਤੀ ਸੁਖਵਾਸੀ ॥

ਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ।

ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥

ਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ ॥੯॥

ਕਰਹਿ ਭਗਤਿ ਅਰੁ ਰੰਗ ਅਪਾਰਾ ॥

(ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ।

ਖਿਨ ਮਹਿ ਥਾਪਿ ਉਥਾਪਨਹਾਰਾ ॥

ਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ।

ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥

ਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ। (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ ॥੧੦॥

ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ।

ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ।

ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥

ਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ ॥੧੧॥

ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥

ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥

ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ।

ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥

ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੧੨॥

ਤ੍ਰਿਸਨਾ ਬੂਝੀ ਅੰਤਰੁ ਠੰਢਾ ॥

ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ,

ਗੁਰਿ ਪੂਰੈ ਲੈ ਤੂਟਾ ਗੰਢਾ ॥

(ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ।

ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥

ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ॥੧੩॥

ਮਰੈ ਨਾਹੀ ਸਦ ਸਦ ਹੀ ਜੀਵੈ ॥

ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ।

ਅਮਰੁ ਭਇਆ ਅਬਿਨਾਸੀ ਥੀਵੈ ॥

ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ।

ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥

ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ॥੧੪॥

ਪੂਰੇ ਗੁਰ ਕੀ ਪੂਰੀ ਬਾਣੀ ॥

ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ-

ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥

ਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਉਸ ਵਿਚ ਸਮਾਇਆ ਰਹਿੰਦਾ ਹੈ।

ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥

ਪਰਮਾਤਮਾ ਦੇ ਪ੍ਰੇਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ ॥੧੫॥

ਬਾਰਹਾ ਕੰਚਨੁ ਸੁਧੁ ਕਰਾਇਆ ॥

ਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ,

ਨਦਰਿ ਸਰਾਫ ਵੰਨੀ ਸਚੜਾਇਆ ॥

ਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ।

ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥

(ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) ॥੧੬॥

ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥

ਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਨਾਨਕ ਦਾਸ ਸਦਾ ਕੁਰਬਾਨੀ ॥

ਹੇ ਨਾਨਕ! ਤੇਰੇ ਦਾਸ ਤੈਥੋਂ ਸਦਾ ਸਦਕੇ ਜਾਂਦੇ ਹਨ।

ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥

ਗੁਰੂ ਦੀ ਸੰਗਤ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ ॥੧੭॥੧॥੩॥

ਮਾਰੂ ਮਹਲਾ ੫ ਸੋਲਹੇ ॥

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰੁ ਗੋਪਾਲੁ ਗੁਰੁ ਗੋਵਿੰਦਾ ॥

(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।

ਗੁਰੁ ਦਇਆਲੁ ਸਦਾ ਬਖਸਿੰਦਾ ॥

ਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।

ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥

(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430