ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ।
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ। (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ ॥੧੫॥
ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ,
ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ)।
ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ। ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੬॥੨॥੨੪॥
ਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ।
ਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥
(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,
ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ।
ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥
ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ।
ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ)।
ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥
ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ।
(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ।
ਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥
ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,
(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ।
ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥
ਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ।
ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥
ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ।
ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ।
ਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥
ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ,
ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ।
ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥
(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,
(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।
ਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥
ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,
ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ।
ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥
ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,
ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ)।