ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥
ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।
ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।
ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥
ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।
ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥
ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ।
(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ।
ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।
ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ।
ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ।
ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ।
ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ।
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ।
ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ।
ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥
ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ।
(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ।
ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ।
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥
ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥
ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,
ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥
(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ।