ਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥
ਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ।
ਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥
ਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ।
ਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ?
(ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ)। (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ।
(ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ ॥੨॥
ਮੈਂ ਪਰਮਾਤਮਾ ਦਾ ਦਰਸਨ ਕਿਵੇਂ ਕਰ ਸਕਦਾ ਹਾਂ? ਉਹ ਤਾਂ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
ਜੇ ਕੋਈ ਖ਼ਰੀਦਿਆ ਜਾ ਸਕਣ ਵਾਲਾ ਪਦਾਰਥ ਹੋਵੇ ਤਾਂ (ਉਸ ਦਾ ਰੂਪ ਰੇਖ) ਬਿਆਨ ਕੀਤਾ ਜਾ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੇਖਾ ਹੈ।
ਉਹੀ ਮਨੁੱਖ ਉਸ ਦਾ ਦਰਸਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਮੱਤ ਦੇ ਕੇ ਸਮਝਾਂਦਾ ਹੈ।
(ਤੇ, ਇਹ ਮੱਤ ਮਿਲਦੀ ਹੈ ਸਾਧ ਸੰਗਤ ਵਿਚ) ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।
ਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤ ਵਿਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ ॥੮॥
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ।
ਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,
(ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ।
ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ ॥੧॥
ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।
ਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।
ਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ)।
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ ॥੨॥
ਮੈਂ ਸਦਕੇ ਜਾਂਦਾ ਹਾਂ ਸਦਾ ਹੀ ਉਹਨਾਂ (ਮਨੁੱਖਾਂ) ਤੋਂ, ਜਿਨ੍ਹਾਂ ਨੇ ਮੇਰੇ ਪਿਆਰੇ ਗੁਰੂ ਦਾ ਦਰਸਨ (ਸਦਾ) ਕੀਤਾ ਹੈ,
(ਪਰ) ਪਿਆਰਾ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉਤੇ (ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।
ਉਹ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਕੀਤਾ ਜਾ ਸਕਦਾ।
ਜਿਹੜੇ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੇ ਉਹ ਸੇਵਕ (ਪਰਮਾਤਮਾ ਵਿਚ) ਮਿਲ ਕੇ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ।
ਤੁਸੀਂ ਸਾਰੇ (ਆਪਣੇ) ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦੇ ਰਹੋ। ਪਰਮਾਤਮਾ ਦਾ ਨਾਮ ਜਪਣ ਦਾ ਇਹ ਨਫ਼ਾ ਹੋਰ ਸਾਰੇ ਨਫ਼ਿਆਂ ਨਾਲੋਂ ਵਧੀਆ ਹੈ ॥੯॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰ, ਸਦਾ ਸਿਮਰ, ਜੋ ਹਰ ਥਾਂ ਰਮਿਆ ਹੋਇਆ ਹੈ,
ਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ।
(ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ।