ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,
ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।
ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥
ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।
ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,
ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।
ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥
ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,
ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥
ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।
ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।
ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥
ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,
ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।
(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ;
ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਹਰ ਵੇਲੇ ਲੱਗੀ ਰਹਿੰਦੀ ਹੈ।
ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਹਰ ਵੇਲੇ ਉਹਨਾਂ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਅੰਦਰ ਆਤਮਕ ਜੀਵਨ ਦਾ ਹੁਲਾਰਾ ਬਣਿਆ ਰਹਿੰਦਾ ਹੈ ॥੧॥
ਪਰ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ (ਹੀ) ਗੁਰੂ ਮਿਲਾਂਦਾ ਹੈ,
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਉਹ ਮਨੁੱਖ) ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।
ਸਾਰੇ ਸੁਖਾਂ ਦਾ ਦਾਤਾ ਪ੍ਰਭੂ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ, ਸ਼ਬਦ ਦੀ ਬਰਕਤਿ ਨਾਲ ਉਸ ਦੇ ਮਨ ਵਿਚ ਜੀਵਨ-ਹੁਲਾਰਾ ਟਿਕਿਆ ਰਹਿੰਦਾ ਹੈ ॥੨॥
ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਦੋਂ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਨਾਲ) ਮਿਲਾ ਲੈਂਦਾ ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਅਤੇ ਮਮਤਾ ਨੂੰ ਸਾੜ ਲੈਂਦਾ ਹੈ।
ਸਿਰਫ਼ ਪਰਮਾਤਮਾ ਦੇ ਪ੍ਰੇਮ-ਰੰਗ ਦਾ ਸਦਕਾ ਉਹ ਮਨੁੱਖ (ਹਉਮੈ ਮਮਤਾ ਤੋਂ) ਸਦਾ ਆਜ਼ਾਦ ਰਹਿੰਦਾ ਹੈ, ਉਸ ਦਾ ਕਿਸੇ ਨਾਲ ਭੀ ਵੈਰ-ਵਿਰੋਧ ਨਹੀਂ ਹੁੰਦਾ ॥੩॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਦੇ ਜੀਵਨ-ਰਾਹ ਵਿਚ ਹਉਮੈ ਮਮਤਾ ਆਦਿਕ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ,
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ (ਇਸ ਘੁੱਪ ਹਨੇਰੇ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਉਹ ਵੱਡੇ ਤਿਆਗੀ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਹਰਿ-ਨਾਮ ਹੀ (ਉਹਨਾਂ ਵਾਸਤੇ ਅਸਲ) ਖੱਟੀ ਹੈ ॥੪॥
ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਅਤੇ ਸੁਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ।
ਮਾਇਆ ਦਾ ਮੋਹ ਭੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ; ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ (ਕਿ ਕਿਹੜੇ ਵੇਲੇ ਮਾਇਆ ਦੇ ਮੋਹ ਵਿਚ ਫਸ ਜਾਏ) ॥੫॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਆਪਣੇ ਮਨ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ,
ਉਹ ਮਨੁੱਖ ਗੁਰੂ ਦੇ ਡਰ-ਅਦਬ ਦੀ ਕਦਰ ਨਹੀਂ ਜਾਣਦੇ।
ਜਿਤਨਾ ਚਿਰ ਗੁਰੂ ਦੇ ਡਰ-ਅਦਬ ਵਿਚ ਨਾਹ ਰਹੀਏ, ਉਨਾ ਚਿਰ ਸਦਾ-ਥਿਰ ਨਿਰਭਉ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, (ਸਦਾ ਇਹ ਸਹਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ) ਜਮਰਾਜ (ਕਦੋਂ ਆ ਕੇ) ਜਿੰਦ ਕੱਢ ਲਏਗਾ ॥੬॥
ਜਮਰਾਜ ਨੂੰ ਰੋਕਿਆ ਨਹੀਂ ਜਾ ਸਕਦਾ, ਜਮਰਾਜ ਨੂੰ ਮਾਰਿਆ ਨਹੀਂ ਜਾ ਸਕਦਾ।
ਪਰ ਗੁਰੂ ਦੇ ਸ਼ਬਦ ਵਿਚ ਜੁੜਿਆਂ (ਜਮਰਾਜ ਦਾ ਸਹਮ ਮਨੁੱਖ ਦੇ) ਨੇੜੇ ਨਹੀਂ ਢੁਕਦਾ।
ਜਦੋਂ ਉਹ ਗੁਰੂ ਦਾ ਸ਼ਬਦ (ਗੁਰਮੁਖ ਦੇ ਮੂੰਹੋਂ) ਸੁਣਦਾ ਹੈ, ਤਾਂ ਦੂਰੋਂ ਹੀ (ਉਸ ਦੇ ਕੋਲੋਂ) ਭੱਜ ਜਾਂਦਾ ਹੈ ਕਿ ਮਤਾਂ ਵੇਪਰਵਾਹ ਪ੍ਰਭੂ (ਇਸ ਖੁਨਾਮੀ ਪਿੱਛੇ) ਸਜ਼ਾ ਹੀ ਨ ਦੇਵੇ (ਜਮਰਾਜ ਗੁਰਮੁਖ ਮਨੁੱਖ ਨੂੰ ਮੌਤ ਦਾ ਡਰ ਦੇ ਹੀ ਨਹੀਂ ਸਕਦਾ) ॥੭॥
ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਹੈ (ਜਮਰਾਜ ਭੀ ਪਰਮਾਤਮਾ ਦਾ ਹੀ ਰਈਅਤ ਹੈ),
(ਪਰਮਾਤਮਾ ਦੇ ਹੁਕਮ ਤੋਂ ਬਿਨਾ) ਜਮਰਾਜ ਵਿਚਾਰਾ ਕੁਝ ਨਹੀਂ ਕਰ ਸਕਦਾ।
ਜਮਰਾਜ ਭੀ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ, ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ ॥੮॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਮਝਦਾ ਹੈ ਕਿ) ਸਾਰਾ ਜਗਤ ਸਦਾ-ਥਿਰ ਪਰਮਾਤਮਾ ਨੇ ਪੈਦਾ ਕੀਤਾ ਹੈ,
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ ਸਮਝਦਾ ਹੈ ਕਿ) ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੯॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਸਿਰਜਣਹਾਰ ਪ੍ਰਭੂ ਨਾਲ ਸਾਂਝ ਪਾਂਦਾ ਹੈ।