ਜਿਸ ਮਨੁੱਖ ਉੱਤੇ ਸਰਬ-ਵਿਆਪਕ ਪ੍ਰਭੂ-ਪਾਤਿਸ਼ਾਹ ਨੇ ਮਿਹਰ ਕੀਤੀ ਹੈ ॥੧॥ ਰਹਾਉ ॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ (ਮੱਥੇ ਉਤੇ) ਪੂਰੇ ਭਾਗ ਜਾਗ ਪੈਂਦੇ ਹਨ,
ਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ, (ਉਸ ਦੇ ਸਿਰ ਤੇ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਖਸਮ (ਆਪਣਾ ਹੱਥ ਰੱਖਦਾ ਹੈ) ॥੨॥੧੦੬॥
(ਪਰ, ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ) ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ।
ਉਹ ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿਚ ਪਾਈ ਜਾਂਦਾ ਹੈ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ।
(ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ-ਪਦਵੀ ਨਹੀਂ ਮਿਲਦੀ ॥੧॥ ਰਹਾਉ ॥
(ਬ੍ਰਾਹਮਣ) ਇਸਨਾਨ ਕਰਕੇ, ਤਿਲਕ ਲਾ ਕੇ ਪੂਜਾ ਕਰਦਾ ਹੈ,
ਤੇ ਛੁਰੀ ਕਢ ਕੇ, ਹਥ ਵਿੱਚ ਦਾਨ ਲੈਂਦਾ ਹੈ ॥੨॥
(ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ,
ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ॥੩॥
(ਪਰ) ਨਾਨਕ ਆਖਦਾ ਹੈ- (ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ,
(ਜਿਸ ਦੀ ਬਰਕਤਿ ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ) ॥੪॥੧੦੭॥
ਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ,
ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ॥੧॥ ਰਹਾਉ ॥
(ਹੇ ਸੰਤ ਜਨੋ!) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ।
(ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ॥੧॥
(ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ।
ਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ ॥੨॥
(ਹੇ ਪਿਆਰੇ ਭਗਤ-ਜਨੋ!) ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ।
(ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ ॥੩॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ,
ਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤ ਬਖ਼ਸ਼) ॥੪॥੧੦੮॥
(ਹੇ ਭਾਈ!) ਪਰਮਾਤਮਾ ਨਾਲ ਰੱਤੇ ਰਿਹਾਂ (ਮਨੁੱਖ ਤ੍ਰਿਸ਼ਨਾ ਦੀ) ਅੱਗ ਵਿਚ ਨਹੀਂ ਸੜਦਾ,
ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ (ਮਨੁੱਖ ਨੂੰ) ਮਾਇਆ ਠੱਗ ਨਹੀਂ ਸਕਦੀ,
ਪਰਮਾਤਮਾ ਦੀ ਯਾਦ ਵਿਚ ਮਸਤ ਰਿਹਾਂ ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚ ਗ਼ਰਕ ਨਹੀਂ ਹੁੰਦਾ,
ਮਨੁੱਖਾ ਜਨਮ ਦਾ ਸੋਹਣਾ ਮਨੋਰਥ ਪ੍ਰਾਪਤ ਕਰ ਲੈਂਦਾ ਹੈ ॥੧॥
(ਹੇ ਪ੍ਰਭੂ!) ਤੇਰੇ ਨਾਮ ਵਿਚ ਜੁੜਿਆਂ (ਮਨੁੱਖਾਂ ਦੇ ਸਾਰੇ) ਡਰ ਦੂਰ ਹੋ ਜਾਂਦੇ ਹਨ।
(ਹੇ ਭਾਈ!) ਪ੍ਰਭੂ ਦੀ ਸੰਗਤਿ ਵਿਚ ਰਿਹਾਂ (ਚਰਨਾਂ ਵਿਚ ਜੁੜਿਆਂ) ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥ਰਹਾਉ॥
(ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ (ਮਨੁੱਖ ਦੀ) ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ,
(ਪਰ) ਪਰਮਾਤਮਾ ਨਾਲ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ।
ਪਰਮਾਤਮਾ ਨਾਲ ਰੱਤੇ ਰਿਹਾਂ ਮੌਤ ਦਾ ਸਹਮ ਨਹੀਂ ਰਹਿੰਦਾ,
ਤੇ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
(ਹੇ ਭਾਈ!) ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ ਕੋਈ ਦੁੱਖ ਪੋਹ ਨਹੀਂ ਸਕਦਾ।
ਜੇਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦਾ ਹੈ, ਉਹ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ,
ਜੇਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ ਮਨੁੱਖ ਦੀ ਹਰੇਕ ਕਿਸਮ ਦੀ ਭਟਕਣਾ ਮੁੱਕ ਜਾਂਦੀ ਹੈ, ਹਰੇਕ ਸਹਮ ਦੂਰ ਹੋ ਜਾਂਦਾ ਹੈ ॥੩॥
(ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਰੱਤੇ ਰਿਹਾਂ ਮਨੁੱਖ ਦੀ ਅਕਲ ਸੁਅੱਛ ਹੋ ਜਾਂਦੀ ਹੈ।
ਪਰਮਾਤਮਾ ਦੀ ਯਾਦ ਵਿਚ ਜੁੜੇ ਮਨੁੱਖ ਦੀ ਬੇ-ਦਾਗ਼ ਸੋਭਾ (ਜਗਤ ਵਿਚ ਖਿਲਰਦੀ ਹੈ)।
ਨਾਨਕ ਆਖਦਾ ਹੈ- ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ,
ਜਿਨ੍ਹਾਂ ਨੂੰ ਮੇਰਾ ਪਰਮਾਤਮਾ ਕਦੇ ਭੁੱਲਦਾ ਨਹੀਂ ॥੪॥੧੦੯॥
(ਹੇ ਭਾਈ! ਸਾਧ ਸੰਗਤਿ ਵਿਚ ਜਾਣ ਦਾ) ਉੱਦਮ ਕਰਦਿਆਂ (ਮਨੁੱਖ) ਸ਼ਾਂਤ-ਚਿੱਤ ਹੋ ਜਾਂਦੇ ਹਨ,
(ਸਾਧ ਸੰਗਤਿ ਦੇ) ਰਾਹ ਉਤੇ ਤੁਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ (ਪੋਹ ਨਹੀਂ ਸਕਦੇ)।
(ਹੇ ਭਾਈ!) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਪ੍ਰੇਮ ਨਾਲ ਗਾਵਿਆਂ,
ਪ੍ਰਭੂ ਦਾ ਨਾਮ ਜਪਿਆਂ ਮਨ ਵਿਚ ਆਨੰਦ ਹੀ ਆਨੰਦ ਪੈਦਾ ਹੋ ਜਾਂਦੇ ਹਨ ॥੧॥
(ਜੇਹੜੇ ਮਨੁੱਖ ਸਾਧ ਸੰਗਤਿ ਵਿਚ ਜੁੜਦੇ ਹਨ ਉਹਨਾਂ ਨੂੰ) ਸੁਖ ਹੀ ਸੁਖ ਹੋ ਜਾਂਦਾ ਹੈ, ਉਹ ਆਨੰਦ ਦੀ ਅਵਸਥਾ ਵਿਚ ਟਿਕ ਜਾਂਦੇ ਹਨ।
(ਹੇ ਭਾਈ!) ਸਾਧ ਸੰਗਤਿ ਵਿਚ ਮਿਲਿਆਂ (ਮਾਇਆ-) ਚੁੜੇਲ (ਦੀ ਚੰਬੜ) ਦੂਰ ਹੋ ਜਾਂਦੀ ਹੈ ॥ਰਹਾਉ॥
(ਹੇ ਭਾਈ!) ਗੋਬਿੰਦ ਦਾ ਦਰਸਨ ਕਰਦਿਆਂ ਹੀ ਅੱਖਾਂ ਪਵਿਤ੍ਰ ਹੋ ਜਾਂਦੀਆਂ ਹਨ (ਵਿਕਾਰ-ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ)।
(ਹੇ ਭਾਈ!) ਭਾਗਾਂ ਵਾਲੇ ਹਨ ਉਹ ਮੱਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ।
ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ,