(ਜਿਸ ਭੀ ਮਨੁੱਖ ਨੇ ਗੁਰੂ ਵਲ ਮੂੰਹ ਕੀਤਾ ਉਸ ਨੂੰ) ਪ੍ਰਭੂ ਨੇ ਮੇਹਰ ਕਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
ਇਹ ਸੰਸਾਰ ਇਕ ਬੜਾ ਹੀ ਡੂੰਘਾ ਸਮੁੰਦਰ ਹੈ ਇਸ ਵਿਚ ਪਾਣੀ (ਦੇ ਥਾਂ ਵਿਕਾਰਾਂ ਦੀ) ਅੱਗ (ਭੜਕ ਰਹੀ) ਹੈ। ਇਸ ਵਿਚੋਂ ਸਤਿਗੁਰੂ ਪਾਰ ਲੰਘਾ ਲੈਂਦਾ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਬੰਦਿਆਂ ਨੂੰ (ਇਸ ਤ੍ਰਿਸ਼ਨਾ-ਅੱਗ ਦੇ ਸਮੁੰਦਰ ਦੀ) ਸਮਝ ਨਹੀਂ ਪੈਂਦੀ।
ਉਹ ਜਨਮ ਮਰਨ ਦੇ ਚੱਕਰ ਵਿਚ ਪੈਂਦੇ ਹਨ ਤੇ ਮੁੜ ਮੁੜ ਆਤਮਕ ਮੌਤੇ ਮਰਦੇ ਹਨ।
(ਪਰ ਉਹ ਵਿਚਾਰੇ ਭੀ ਕੀਹ ਕਰਨ?) ਪਿਛਲੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖਿਆ ਲੇਖ (ਜੋ ਉਹਨਾਂ ਦੇ ਮਨ ਵਿਚ ਉੱਕਰਿਆ ਪਿਆ ਹੈ) ਮਿਟਦਾ ਨਹੀਂ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਦਰ ਤੇ ਖ਼ੁਆਰ ਹੁੰਦਾ ਹੈ ॥੩॥
(ਇਸੇ ਹੀ ਤਰ੍ਹਾਂ ਮਾਇਆ ਮੋਹ ਵਿਚ ਫਸ ਕੇ) ਅਨੇਕਾਂ ਹੀ ਜੀਵ ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਪਰ ਆਪਣੇ ਅੰਤਰ ਆਤਮੇ ਅਡੋਲਤਾ ਨਹੀਂ ਪ੍ਰਾਪਤ ਕਰ ਸਕਦੇ,
ਉਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ (ਹੋਰ ਹੋਰ) ਪਾਪ ਕਰੀ ਜਾਂਦੇ ਹਨ।
ਮਾਇਆ ਦਾ ਲੋਭ ਤੇ ਅਹੰਕਾਰ ਬੜੀ ਬੁਰੀ ਬਲਾ ਹੈ, ਇਸ ਵਿਚ ਅੰਨ੍ਹੇ ਹੋਏ ਜੀਵ ਨੂੰ ਕੋਈ ਸੂਝ ਬੂਝ ਆ ਨਹੀਂ ਸਕਦੀ (ਕਿ ਕਿਸ ਰਾਹੇ ਪਿਆ ਹੋਇਆ ਹੈ) ॥੪॥
ਜੇਹੜੀ ਇਸਤ੍ਰੀ ਪਤੀ ਤੋਂ ਵਿਛੁੜੀ ਹੋਈ ਹੋਵੇ ਉਸ ਦਾ ਹਾਰ-ਸਿੰਗਾਰ ਕਿਸ ਅਰਥ?
ਉਸ ਨੇ ਤਾਂ ਆਪਣਾ ਖਸਮ ਵਿਸਾਰ ਰੱਖਿਆ ਹੈ ਤੇ ਉਹ ਪਰਾਏ ਮਰਦ ਨਾਲ ਰੰਗ-ਰਲੀਆਂ ਮਾਣਦੀ ਹੈ।
(ਇਹ ਹਾਰ-ਸਿੰਗਾਰ ਉਸ ਨੂੰ ਹੋਰ ਹੋਰ ਨਰਕ ਵਿਚ ਪਾਂਦਾ ਹੈ)। ਜਿਵੇਂ ਕਿਸੇ ਵੇਸੁਆ ਦੇ ਪੁੱਤਰ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ (ਉਹ ਜਗਤ ਵਿਚ ਹਾਸੋ-ਹੀਣਾ ਹੀ ਹੁੰਦਾ ਹੈ, ਇਸੇ ਤਰ੍ਹਾਂ ਪਤੀ-ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦੇ) ਹੋਰ ਹੋਰ ਕਰਮ ਫੋਕੇ ਤੇ ਵਿਕਾਰ ਹੀ ਹਨ (ਇਹਨਾਂ ਵਿਚੋਂ ਨਮੋਸ਼ੀ ਹੀ ਮਿਲਦੀ ਹੈ) ॥੫॥
(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿਚ ਉਹ ਬੇਅੰਤ ਦੁੱਖ ਸਹਿੰਦੇ ਹਨ।
ਅਗਿਆਨਤਾ ਦੇ ਹਨੇਰੇ ਵਿਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿਚ ਖ਼ੁਆਰ ਹੁੰਦੇ ਹਨ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ) ॥੬॥
(ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ।
ਜੇਹੜੇ ਬੰਦੇ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਫਸ ਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ, ਉਹਨਾਂ ਨੂੰ (ਮੋਹ ਦਾ ਇਹ) ਅੱਤ ਭੈੜਾ ਰੋਗ ਚੰਬੜਿਆ ਹੀ ਰਹਿੰਦਾ ਹੈ ॥੭॥
ਜਿਸ ਮਨੁੱਖ ਦੇ ਮੱਥੇ ਉਤੇ ਸਿਰ ਉਤੇ (ਪਾਪਾਂ ਦੇ) ਕੱਲਰ ਦਾ ਬਹੁਤ ਸਾਰਾ ਭਾਰ ਰੱਖਿਆ ਹੋਵੇ,
ਉਹ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ?
ਦੁਨੀਆ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਮੁੱਢ ਤੋਂ ਹੀ ਸਤਿਗੁਰੂ ਜਹਾਜ਼ ਹੈ ਜੋ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ ਪਾਰ ਲੰਘਾ ਦੇਂਦਾ ਹੈ ॥੮॥
(ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ।
ਜਗਤ ਵਿਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ।
(ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ) ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੯॥
ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿਚ ਭਟਕਦੀ ਫਿਰਦੀ ਹੈ।
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ)।
(ਇਸ ਰੋਗ ਤੋਂ ਬਚਾਣ ਲਈ) ਗੁਰੂ (ਜੋ) ਵੱਡਾ ਸਿਆਣਾ (ਹਕੀਮ) ਹੈ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਨਾਮ ਜਪੋ (ਇਸੇ ਵਿਚ) ਸ੍ਰੇਸ਼ਟ ਸੁਖ ਹੈ ॥੧੦॥
ਜਿਸ ਮਨੁੱਖ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ਸਦਾ-ਥਿਰ ਹਰੀ-ਨਾਮ (ਹਿਰਦੇ ਵਿਚ) ਪੱਕਾ ਕਰਾ ਦੇਂਦਾ ਹੈ,
ਉਸ ਦੇ ਸਾਰੇ ਦੁੱਖ ਮਿਟਾ ਦੇਂਦਾ ਹੈ ਉਸ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਪਾ ਦੇਂਦਾ ਹੈ।
ਸਤਿਗੁਰੂ ਜਿਸ ਮਨੁੱਖ ਦਾ ਰਾਖਾ ਬਣਦਾ ਹੈ (ਜ਼ਿੰਦਗੀ ਦੇ ਪੈਂਡੇ ਤੁਰਦਿਆਂ) ਉਸ ਦੇ ਪੈਰ ਵਿਚ ਕੰਡਾ ਨਹੀਂ ਚੁੱਭਦਾ (ਉਸ ਨੂੰ ਹਉਮੈ ਦਾ ਕੰਡਾ ਦੁਖੀ ਨਹੀਂ ਕਰਦਾ) ॥੧੧॥
ਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ (ਮਨਮੁਖ ਦਾ) ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ (ਭਗਤੀ-ਭਾਵ ਵਿਚ) ਨਹੀਂ ਭਿੱਜਦਾ।
(ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ) ਬਥੇਰੇ ਤਰਲੇ ਭੀ ਕਰੇ (ਤਾਂ ਕਿਸੇ ਅਰਥ ਨਹੀਂ) ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ) ॥੧੨॥
(ਗੁਰੂ ਦੀ ਸਰਨ ਤੋਂ ਬਿਨਾ) ਮਾਇਆ ਦੇ ਮੋਹ-ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ)।
ਇਸ ਨੇ ਦੁਬਿਧਾ ਵਿਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ (ਮੋਹ ਨੇ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ)।
ਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਪ੍ਰੀਤ ਪੈਦਾ ਨਹੀਂ ਹੁੰਦੀ। ਜੇਹੜੇ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਭਗਤ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਖ਼ੁਸ਼ ਰਹਿੰਦਾ ਹੈ ॥੧੩॥
ਮਾਇਆ-ਵੇੜ੍ਹੇ ਜੀਵ ਮਾਇਆ ਇਕੱਠੀ ਕਰਨ ਦੀ ਖ਼ਾਤਰ ਬਹੁਤ ਭੱਜ-ਦੌੜ ਕਰਦੇ ਹਨ,
(ਕਿਉਂਕਿ ਉਹ ਇਸੇ ਵਿਚ ਸੁਖ ਲੱਭਣ ਦੀ ਆਸ ਰੱਖਦੇ ਹਨ) ਪਰ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਆਨੰਦ ਕਿੱਥੋਂ ਲੈ ਸਕਦੇ ਹਨ?
ਉਹ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸੇ ਰਹਿ ਕੇ ਦੁਖੀ ਹੁੰਦੇ ਹਨ (ਹੋਰਨਾਂ ਨੂੰ ਭੀ) ਦੁਖੀ ਕਰਦੇ ਹਨ। ਦੁੱਖਾਂ ਦੇ ਇਸ ਸਮੁੰਦਰ ਵਿਚੋਂ ਉਹ ਪਾਰਲੇ ਬੰਨੇ ਨਹੀਂ ਪਹੁੰਚ ਸਕਦੇ ॥੧੪॥
ਨਿਰੇ ਕੂੜ ਦੇ ਵਪਾਰੀ ਬੰਦੇ (ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿਚ ਉਹ) ਕੁੱਤੇ ਤੇ ਸੂਰ ਹੀ (ਆਪਣੇ ਆਪ ਨੂੰ) ਅਖਵਾਂਦੇ ਹਨ,
(ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖ਼ਾਤਰ) ਭੌਂਕ ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ।
ਉਹਨਾਂ ਦੇ ਮਨ ਵਿਚ ਮਾਇਆ ਦਾ ਮੋਹ, ਉਹਨਾਂ ਦੇ ਸਰੀਰ ਵਿਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪਰਮਾਤਮਾ ਦੀ ਦਰਗਾਹ ਵਿਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ ॥੧੫॥
ਜੇ ਸਤਿਗੁਰੂ ਮਿਲ ਪਏ ਤਾਂ ਉਹ ਮਨੁੱਖ ਦੇ (ਡੋਲਦੇ) ਮਨ ਨੂੰ ਸਹਾਰਾ ਦੇਂਦਾ ਹੈ।
ਉਹ ਸਰਨ ਪਏ ਮਨੁੱਖ ਨੂੰ ਪਰਮਾਤਮਾ ਦਾ ਨਾਮ (ਧਨ) ਦਿੰਦਾ ਹੈ।
ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੂਪ (ਅਜਿਹਾ) ਕੀਮਤੀ ਧਨ ਦੇਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਦਾਤਿ) ਦੇਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਨੂੰ) ਪ੍ਰਭੂ ਦੀ ਦਰਗਾਹ ਵਿਚ ਆਦਰ-ਪਿਆਰ ਮਿਲਦਾ ਹੈ ॥੧੬॥