ਇਹ ਤ੍ਰਿਸ਼ਨਾ-ਅੱਗ ਉਸ ਮਨੁੱਖ ਦੀ ਬੁੱਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਉਸ ਦਾ ਤਨ ਵਿਕਾਰਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਹਉਮੈ ਨੂੰ ਮਾਰ ਕੇ ਉਹ ਮਨੁੱਖ (ਗੁਰ-ਸ਼ਬਦ ਵਿਚ) ਲੀਨ ਰਹਿੰਦਾ ਹੈ ॥੧੫॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਮਾਲਕ ਪ੍ਰਭੂ ਦੀ ਵਡਿਆਈ ਕਰਨ ਦੀ ਦਾਤਿ) ਪ੍ਰਾਪਤ ਕੀਤੀ ਹੈ।
ਨਾਨਕ ਇਕ ਬੇਨਤੀ ਕਰਦਾ ਹੈ (ਕਿ ਜਿਸ ਨੇ ਪ੍ਰਾਪਤ ਕੀਤੀ ਹੈ ਉਹ) ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੨੩॥
ਹੇ ਕਰਤਾਰ! ਆਪਣੇ ਭਗਤਾਂ ਨੂੰ ਤੂੰ ਮਿਹਰ ਦੀ ਨਿਗਾਹ ਨਾਲ (ਆਪਣੇ ਚਰਨਾਂ ਵਿਚ) ਜੋੜ ਰੱਖਦਾ ਹੈਂ,
(ਇਸ ਵਾਸਤੇ) ਭਗਤ (ਤੇਰੇ ਚਰਨਾਂ ਵਿਚ) ਸੁਰਤ ਜੋੜ ਕੇ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਤੇਰੀ ਸਰਨ ਵਿਚ ਰਹਿ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਜੋੜੀ ਰੱਖਦਾ ਹੈਂ ॥੧॥
ਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ,
ਉਸ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, (ਉਸ ਮਨੁੱਖ ਦੀ ਭਗਤੀ) ਤੇਰੇ ਮਨ ਵਿਚ ਪਿਆਰੀ ਲੱਗਦੀ ਹੈ।
ਉਸ ਮਨੁੱਖ ਦਾ ਮਨ ਉਸ ਦਾ ਤਨ ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਵਿਚ ਰੰਗਿਆ ਰਹਿੰਦਾ ਹੈ, ਉਹ ਤੇਰੇ ਸਦਾ-ਥਿਰ ਨਾਮ ਨਾਲ ਆਪਣਾ ਚਿੱਤ ਜੋੜ ਰੱਖਦਾ ਹੈ ॥੨॥
ਹਉਮੈ (ਦੀ ਅੱਗ) ਵਿਚ (ਮਨੁੱਖ ਦਾ) ਸਰੀਰ (ਅੰਦਰੇ ਅੰਦਰ) ਸਦਾ ਸੜਦਾ ਰਹਿੰਦਾ ਹੈ।
(ਜਦੋਂ ਪ੍ਰਭੂ ਦੀ) ਮਿਹਰ ਹੁੰਦੀ ਹੈ ਤਾਂ ਇਸ ਨੂੰ ਪੂਰਾ ਗੁਰੂ ਮਿਲਦਾ ਹੈ।
ਉਹ ਮਨੁੱਖ ਆਪਣੇ ਅੰਦਰ-ਵੱਸਦੇ ਅਗਿਆਨ ਨੂੰ ਗੁਰੂ ਦੇ ਸ਼ਬਦ ਨਾਲ ਦੂਰ ਕਰ ਲੈਂਦਾ ਹੈ, ਗੁਰੂ ਪਾਸੋਂ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੩॥
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ)।
(ਜੀਵਨ-ਸਫ਼ਰ ਵਿਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ।
(ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ ॥੪॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਦੂਰ ਕਰ ਲੈਂਦਾ ਹੈ,
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਹ ਆਪਣੇ ਮਨ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੫॥
ਸ੍ਰਿਸ਼ਟੀ ਜਨਮ ਮਰਨ ਦੇ ਗੇੜ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ।
ਗੁਰੂ ਦੀ ਸਰਨ ਤੋਂ ਬਿਨਾ (ਇਸ ਚੱਕਰ ਵਿਚੋਂ) ਕਿਸੇ ਨੂੰ ਭੀ ਖੁਲ੍ਹੀਰ ਨਹੀਂ ਹੁੰਦੀ।
ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਜੋਤਿ ਪਰਗਟ ਹੋ ਪੈਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਆ ਵੱਸਦਾ ਹੈ, ਉਸ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
(ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ।
ਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ।
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿਚ ਆ ਜਾਂਦੇ ਹਨ ॥੭॥
ਗੁਰੂ ਤੋਂ ਬਿਨਾ (ਮਾਇਆ ਦਾ) ਮੋਹ (ਇਤਨਾ ਪ੍ਰਬਲ ਰਹਿੰਦਾ) ਹੈ (ਕਿ ਮਨੁੱਖ ਦੇ ਜੀਵਨ-ਰਾਹ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ) ਰਹਿੰਦਾ ਹੈ।
ਮਨੁੱਖ ਮੁੜ ਮੁੜ ਅਨੇਕਾਂ ਵਾਰੀ (ਮੋਹ ਦੇ ਸਮੁੰਦਰ ਵਿਚ) ਡੁੱਬਦਾ ਹੈ।
ਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਤਾਂ ਗੁਰੂ ਸਦਾ-ਥਿਰ ਹਰਿ-ਨਾਮ ਇਸ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। (ਤਾਂ ਫਿਰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਇਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥
ਪਰਮਾਤਮਾ ਦਾ ਦਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਭੀ ਸਦਾ-ਥਿਰ ਹੈ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਪਿਆਰ ਪਾਂਦੇ ਹਨ ਉਹ ਹੀ ਉਸ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।
(ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ ਤਾਂ) ਮੈਂ (ਭੀ) ਟਿਕਵੀਂ ਲਗਨ ਨਾਲ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਾਂ। (ਜਿਹੜੇ ਮਨੁੱਖ ਗੁਣ ਗਾਂਦੇ ਹਨ ਉਹ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੯॥
ਜਿਹੜਾ ਕੋਈ ਮਨੁੱਖ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ।
ਉਸ ਅਡੋਲ ਅਵਸਥਾ ਵਿਚ ਟਿਕਿਆਂ ਸੋਗ ਜ਼ੋਰ ਨਹੀਂ ਪਾ ਸਕਦਾ, (ਪ੍ਰਭੂ-ਚਰਨਾਂ ਤੋਂ) ਵਿਛੋੜਾ ਜ਼ੋਰ ਨਹੀਂ ਪਾ ਸਕਦਾ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੦॥
ਕੁਕਰਮੀ ਬੰਦੇ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ ਪਿਆਰ ਵਿਚ ਮਨ ਨੂੰ ਜੋੜੀ ਰੱਖਦੇ ਹਨ,
ਬੜੇ ਮੋਹ ਬੜੀ ਤ੍ਰਿਸ਼ਨਾ ਦੇ ਕਾਰਨ ਉਹ ਭਟਕਦੇ ਫਿਰਦੇ ਹਨ।
(ਕੁਕਰਮੀ ਬੰਦੇ) ਸਦਾ ਭੈੜੀ ਸੁਹਬਤ ਵਿਚ ਬੈਠਦੇ ਹਨ ਤੇ ਦੁੱਖ ਪਾਂਦੇ ਹਨ। ਉਹ ਸਦਾ ਉਹੀ ਕਰਮ ਕਮਾਂਦੇ ਹਨ ਜਿਨ੍ਹਾਂ ਵਿਚੋਂ ਨਿਰਾ ਦੁੱਖ ਹੀ ਦੁੱਖ ਨਿਕਲੇ ॥੧੧॥
ਗੁਰੂ ਦੀ ਸਰਨ ਤੋਂ ਬਿਨਾ ਭਲੀ ਸੁਹਬਤ ਨਹੀਂ ਮਿਲ ਸਕਦੀ।
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਕੁਕਰਮਾਂ (ਦੀ ਨਦੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜਿਹੜੇ ਮਨੁੱਖ ਦਿਨ ਰਾਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧੨॥
(ਜਿਵੇਂ ਰਾਤ-ਬਸੇਰੇ ਲਈ ਪੰਛੀ ਕਿਸੇ ਰੁੱਖ ਉਤੇ ਆ ਟਿਕਦੇ ਹਨ, ਇਸੇ ਤਰ੍ਹਾਂ ਇਹ) ਸਰੀਰ (ਮਾਨੋ) ਰੁੱਖ ਹੈ, (ਇਸ ਸਰੀਰ) ਵਿਚ (ਜੀਵ) ਪੰਛੀ ਦਾ ਨਿਵਾਸ ਹੈ।
ਜਿਹੜੇ ਜੀਵ-ਪੰਛੀ ਗੁਰੂ ਦੇ ਸ਼ਬਦ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ ਚੁਗਦੇ ਹਨ,
ਉਹ ਬਿਲਕੁਲ ਬਾਹਰ ਨਹੀਂ ਭਟਕਦੇ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਸਦਾ ਪ੍ਰਭੂ-ਚਰਨਾਂ ਵਿਚ ਨਿਵਾਸ ਰੱਖਦੇ ਹਨ ॥੧੩॥
ਜਿਹੜੇ ਮਨੁੱਖ (ਆਪਣੇ) ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ,
ਉਹ ਮਨੁੱਖ ਮੋਹ ਦੀ ਠੱਗ-ਬੂਟੀ ਨਹੀਂ ਖਾਂਦੇ, ਉਹ ਮਨੁੱਖ (ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦੇ ਹਨ।
ਪਰ, (ਇਹ) ਕਿਰਪਾ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ, ਉਹ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੧੪॥