(ਹੇ ਭਾਈ! ਨਾਮ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।
ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੩॥
ਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ,
ਨਾਨਕ ਆਖਦਾ ਹੈ- (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ ॥੪॥੮੦॥੧੪੯॥
(ਪਰ ਹੇ ਭਾਈ!) ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ।
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਬਲ ਪੈਦਾ ਹੁੰਦਾ ਹੈ) ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
(ਹੇ ਭਾਈ!) ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
ਸੂਰਮੇ ਗੁਰੂ ਦੀ ਸਰਨ ਪਿਆਂ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ, (ਆਤਮਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ) ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਨੂੰ) ਸਤਿਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ,
ਇਸ ਨਾਮ-ਮੰਤ੍ਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ ॥੨॥
(ਹੇ ਭਾਈ! ਜਿਸ ਮਨੁੱਖ ਉਤੇ) ਸਤਿਗੁਰੂ ਜੀ ਕਿਰਪਾਲ ਹੋਏ, ਜਿਸ ਦੇ ਮਦਦਗਾਰ ਪ੍ਰਭੂ ਜੀ ਬਣ ਗਏ,
ਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ॥੩॥
ਉਸ ਨੂੰ ਪਾਰਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿੱਸ ਪਏ,
ਹੇ ਨਾਨਕ! ਵੇਖ, ਗੁਰੂ ਨੇ ਜਿਸ ਮਨੁੱਖ ਦੇ ਅਹੰਕਾਰ ਮੋਹ ਆਦਿਕ ਭਰਮ ਨਾਸ ਕਰ ਦਿੱਤੇ ॥੪॥੮੧॥੧੫੦॥
(ਹੇ ਭਾਈ!) ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ)
(ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ ॥੧॥
(ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ।
(ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ॥੧॥ ਰਹਾਉ ॥
(ਹੇ ਭਾਈ!) ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ,
ਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ॥੨॥
(ਹੇ ਭਾਈ! ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ,
ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥
ਸੁਆਮੀ! ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।
ਹੇ ਨਾਨਕ! (ਅਰਦਾਸ ਕਰ ਤੇ ਆਖ)-ਹੇ ਪ੍ਰਭੂ! ਹੇ ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ ॥੪॥੮੨॥੧੫੧॥
(ਹੇ ਭਾਈ! ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ।)
(ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ ॥੧॥
(ਹੇ ਭਾਈ!) ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ,
ਜਿਸ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) ॥੧॥ ਰਹਾਉ ॥
(ਹੇ ਭਾਈ! ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ। (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ)।
ਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ ॥੨॥
(ਹੇ ਭਾਈ! ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ।
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ ॥੩॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ।
ਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ॥੪॥੮੩॥੧੫੨॥
(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ,
ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ।
ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ।
(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ।
(ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥
ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ,
ਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥
(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ,
ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ॥੧॥
(ਹੇ ਭਾਈ!) ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ,
ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੧॥ ਰਹਾਉ ॥
(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ,