ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ।
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥
ਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।
(ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।
(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ।
(ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ।
(ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥
ਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ।
ਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।
ਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ ॥੮॥੧॥੩॥
ਰਾਗ ਬਿਲਾਵਲੁ, ਘਰ ੧੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥
ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ।
(ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ॥੧॥ ਰਹਾਉ ॥
ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ।
(ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ॥੨॥
ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ (ਉਹ ਆਪਣਾ ਆਤਮ ਧਨ ਬਚਾ ਲੈਂਦੇ ਹਨ)।
(ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਉਹ (ਸੁਚੇਤ) ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ॥੩॥
ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥
ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ।
ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ॥੫॥
ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ।
(ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥
ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ॥੭॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ।
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥
ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।