ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ,
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ।
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ 'ਮੈਂ ਮੇਰੀ' ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ॥੧॥ ਰਹਾਉ ॥
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ॥੨॥
(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ।
ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।
(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ॥੩॥
ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ।
ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ॥੪॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (-ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ)।
ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ॥੫॥
(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ,
ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ।
ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ॥੬॥
ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।
ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ॥੭॥
(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ॥੮॥੨੨॥੨੩॥
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।
(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।
ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।
(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,
ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥