(ਗੁਰੂ ਅਰਜੁਨ ਦੇਵ ਜੀ ਨੇ) ਉਸ ਹਰੀ ਨੂੰ ਮਾਣਿਆ ਹੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ।
ਗੁਰੂ (ਰਾਮਦਾਸ ਜੀ) ਨੇ ਆਪ ਨੂੰ ਉਸ ਹਰੀ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਤੇ ਜਿਸ ਦੀ ਹਸਤੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
ਗੁਰੂ ਦੇ ਉਪਦੇਸ਼ ਦੇ ਕਾਰਨ ਆਪ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਗਏ ਹੋ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ।
ਗੁਰੂ ਅਰਜੁਨ ਦੇਵ ਧੰਨ ਹੈ। ਖ਼ਾਲੀ ਹਿਰਦਿਆਂ ਨੂੰ ਆਪ ਨੇ (ਨਾਮ-ਅੰਮ੍ਰਿਤ ਨਾਲ) ਨਕਾ-ਨਕ ਭਰ ਦਿੱਤਾ ਹੈ।
ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ ਆਪ ਨੇ ਅਜਰ ਅਵਸਥਾ ਨੂੰ ਜਰਿਆ ਹੈ, ਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ।
ਕਵੀ 'ਕਲ੍ਯ੍ਯ' ਆਖਦਾ ਹੈ ਕਿ 'ਹੇ ਗੁਰੂ ਅਰਜੁਨ (ਦੇਵ ਜੀ)! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ (ਅਕਾਲ ਪੁਰਖ ਨਾਲ) ਅਸਲੀ ਮਿਲਾਪ ਪ੍ਰਾਪਤ ਕਰ ਲਿਆ ਹੈ' ॥੮॥
ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ।
ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ।
ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ।
ਕਲ੍ਯ੍ਯ ਕਵੀ ਆਖਦਾ ਹੈ ਕਿ ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ॥੯॥
ਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ (ਭਾਵ, ਜਿਵੇਂ ਅਰਜੁਨ ਕੁਰੂਖੇਤ੍ਰ ਦੇ ਯੁੱਧ ਵਿਚ ਵੈਰੀਆਂ ਦੇ ਦਲਾਂ ਤੋਂ ਘਬਰਾਉਂਦਾ ਨਹੀਂ ਸੀ, ਤਿਵੇਂ ਗੁਰੂ ਅਰਜੁਨ ਦੇਵ ਜੀ ਕਾਮਾਦਿਕ ਵੈਰੀਆਂ ਤੋਂ ਨਹੀਂ ਘਬਰਾਉਂਦੇ; ਸੰ: ਪਾਰਥ-(A metronymic of Arjuna)।
ਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ ॥੧॥
ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ।
ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥
ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ।
ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ। (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ ॥੩॥੧੨॥
ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ।
ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।
(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;
(ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।
ਮਥੁਰਾ ਆਖਦਾ ਹੈ ਕਿ 'ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ।
ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ॥੧॥
(ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ।
ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।
(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ।
ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।
ਮਥੁਰਾ ਆਖਦਾ ਹੈ- (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ।
ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ ॥੨॥
ਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ,
ਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ।
(ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ,
ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ ॥੩॥