ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
ਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ।
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ ॥੨॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ।
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ ॥੩॥
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ।
ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ॥੪॥
ਹੇ ਭਾਈ! ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ) ॥੫॥
ਹੇ ਭਾਈ! ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾ ॥੬॥
ਹੇ ਭਾਈ! ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੭॥
ਹੇ ਭਾਈ! ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ।
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ ॥੮॥੨॥੪॥੯॥
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥
ਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ-
ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ ॥
ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥
ਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥
ਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥
ਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥
ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥
ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥
ਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥
ਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥
ਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥
ਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥
ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥