ਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।
ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।
(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)
ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥
(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।
(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥
ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,
ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥
ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।
ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥
ਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?
ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥
ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।
ਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥
ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।
ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥
ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,
ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥
(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥
(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥
ਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ।
ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥
ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,
ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥
(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ,
ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥
ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ,