ਸਦਾ-ਥਿਰ ਹਰਿ ਨਾਮ (ਜਿਸ ਦੇ ਮਨ ਵਿਚ ਵੱਸਦਾ ਹੈ) ਸਦਾ-ਥਿਰ ਪ੍ਰਭੂ ਦੇ ਦਰ ਤੇ ਉਸ ਦੀ ਸੋਭਾ ਹੁੰਦੀ ਹੈ।
ਉਹ ਮਨੁੱਖ ਆਪਣੇ ਘਰ ਵਿਚ ਟਿਕਿਆ ਰਹਿੰਦਾ ਹੈ (ਭਟਕਣਾ ਤੋਂ ਬਚਿਆ ਰਹਿੰਦਾ ਹੈ) ॥੩॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੁੱਲਾਂ ਕਰਨ ਵਾਲਾ ਨਹੀਂ।
ਹੋਰ ਸਾਰੇ ਜੀਵ ਮਾਇਆ ਦੇ ਮੋਹ ਵਿਚ ਇੱਜ਼ਤ ਗਵਾ ਕੇ (ਜ਼ਿੰਦਗੀ ਦੇ) ਗ਼ਲਤ ਰਾਹੇ ਪਏ ਰਹਿੰਦੇ ਹਨ।
ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਰਿਹਾ ਕਰੋ।
ਹੇ ਨਾਨਕ! (ਆਖ-ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ (ਟਿਕੀ ਰਹਿੰਦੀ ਹੈ) ਉਸ ਮਨੁੱਖ ਦੀ ਸੁਰਤ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੀ ਹੈ ॥੪॥੯॥
ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਸਾਰੀ (ਲੋਕਾਈ) ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੈ,
ਮਾਇਆ ਦੇ ਮੋਹ ਵਿਚ ਫਸ ਕੇ (ਲੋਕਾਈ) ਬਹੁਤ ਦੁਖ ਪਾਂਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਰਹਿੰਦੇ ਹਨ।
(ਮੋਹ-ਗ੍ਰਸਿਆ ਮਨੁੱਖ) ਆਤਮਕ ਸ਼ਾਂਤੀ ਦਾ ਟਿਕਾਣਾ ਪ੍ਰਾਪਤ ਨਹੀਂ ਕਰ ਸਕਦਾ (ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ, ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਮਸਤ ਰਹਿੰਦਾ ਹੈ ॥੧॥
ਜਿਹੜਾ ਮਨੁੱਖ (ਪਰਮਾਤਮਾ ਦੀ) ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ।
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਅਤੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ।
ਪਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ।
ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,
ਬਾਣੀ ਉਹਨਾਂ ਦੀ ਜਿੰਦ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦੀ ਹੈ ॥੨॥
ਪਰਮਾਤਮਾ ਦਾ ਨਾਮ ਹੀ ਜਗਤ ਨੂੰ (ਵਿਕਾਰਾਂ-ਭਰੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
ਪਰ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਮਨੁੱਖ ਨੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਕੀਤੀ।
ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ॥੩॥
(ਆਤਮਕ ਜੀਵਨ ਦਾ ਸਹੀ ਰਸਤਾ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ,
ਪਰਮਾਤਮਾ ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੇ ਹਿਰਦੇ ਵਿਚ ਆਪਣਾ ਨਾਮ ਪੱਕਾ ਕਰਦਾ ਹੈ।
ਜਿਨ੍ਹਾਂ ਨੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਏ,
ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਗਏ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਆਦਰ ਮਿਲਿਆ ॥੪॥੧੦॥
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ,
(ਅਤੇ ਗੁਰੂ ਦੀ ਰਾਹੀਂ) ਆਪ ਹੀ ਉਸ ਦੇ ਮਨ ਵਿਚ ਆ ਵੱਸਦਾ ਹੈ।
(ਨਾਮ ਦੀ ਬਰਕਤਿ ਨਾਲ ਉਸ ਦੀ) ਮੱਤ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਰਹਿੰਦੀ ਹੈ, ਉਸ ਦੇ ਮਨ ਦੀ ਸਦਾ ਧੀਰਜ ਬਣੀ ਰਹਿੰਦੀ ਹੈ।
ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੧॥
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦੇ ਹਨ,
ਉਹਨਾਂ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ॥੧॥ ਰਹਾਉ ॥
(ਨਾਮ ਤੋਂ ਖੁੰਝ ਕੇ ਜਿਹੜੇ ਮਨੁੱਖ ਨਿਰੇ) ਕਈ ਧਾਰਮਿਕ ਭੇਖ ਕਰਦੇ ਹਨ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆ ਸਕਦੀ।
(ਸਗੋਂ ਭੇਖ ਦੇ) ਬਹੁਤੇ ਅਹੰਕਾਰ ਦੇ ਕਾਰਨ (ਭੇਖ-ਧਾਰੀ ਮਨੁੱਖ ਲੋਕ ਪਰਲੋਕ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।
ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ ਹੈ,
(ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ) ਬਾਹਰ ਭਟਕਦੇ ਮਨ ਨੂੰ ਅੰਦਰ ਵਲ ਮੋੜ ਲਿਆਂਦਾ ਹੈ ॥੨॥
ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
ਗੁਰੂ ਦੀ ਮੱਤ ਉਤੇ ਤੁਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰ ਕੇ (ਜਿਹੜੇ ਮਨੁੱਖ ਨਾਮ-ਪਦਾਰਥ ਦੀ) ਭਾਲ ਕਰਦੇ ਹਨ,
ਉਹਨਾਂ ਨੇ (ਧਰਤੀ ਦੇ) ਨੌ ਖ਼ਜ਼ਾਨਿਆਂ ਦੇ ਤੁੱਲ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ।
ਉਹ ਮਨੁੱਖ ਸਦਾ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੩॥
ਪਰ, (ਨਾਮ ਤੋਂ ਖੁੰਝੇ ਰਹਿਣਾ ਜਾਂ ਨਾਮ ਵਿਚ ਲੀਨ ਰਹਿਣਾ-ਇਹ ਸਭ ਕੁਝ) ਪਰਮਾਤਮਾ ਆਪ ਹੀ ਕਰਦਾ ਹੈ (ਜੀਵ ਪਾਸੋਂ ਆਪਣੇ ਆਪ) ਕੁਝ ਕੀਤਾ ਨਹੀਂ ਜਾ ਸਕਦਾ।
ਜਿਸ ਉਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
(ਆਪਣੇ ਉੱਦਮ ਦੇ ਆਸਰੇ) ਨਾਹ ਕੋਈ ਮਨੁੱਖ ਉਸ ਤੋਂ ਨੇੜੇ ਹੈ, ਨਾਹ ਕੋਈ ਮਨੁੱਖ ਉਸ ਤੋਂ ਦੂਰ ਹੈ।
ਹੇ ਨਾਨਕ! (ਜਿਹੜਾ ਮਨੁੱਖ ਉਸ ਦੀ ਮਿਹਰ ਨਾਲ ਉਸ ਦੇ) ਨਾਮ ਵਿਚ ਟਿਕ ਜਾਂਦਾ ਹੈ, ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੧॥
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕਰ ਕਰ ਕੇ,
ਮਨੁੱਖ ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।
ਉਹਨਾਂ ਮਨੁੱਖਾਂ ਦੇ ਅਨੇਕਾਂ ਜਨਮਾਂ ਦੇ ਪਾਪ ਸੜ ਜਾਂਦੇ ਹਨ,
ਜਿਹੜੇ ਹਰਿ-ਨਾਮ ਵਿਚ ਲੀਨ ਰਹਿੰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਬਚੇ ਰਹਿੰਦੇ ਹਨ ॥੧॥
ਪਰਮਾਤਮਾ ਆਪ ਹੀ ਜਾਣਦਾ ਹੈ ਕਿ ਆਪਣੇ ਨਾਮ ਦੀ ਦਾਤ ਕਿਸ ਨੂੰ ਦੇਣੀ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਬਖ਼ਸ਼ਸ਼ ਕਰਨ ਵਾਲਾ ਹਰਿ-ਨਾਮ ਉਚਾਰਦਾ ਹੈ, ਉਸ ਦਾ ਇਹ ਮਨ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥
ਭਗਵੇ ਰੰਗ ਦੇ ਭੇਖ ਨਾਲ (ਧਰਤੀ ਉਤੇ) ਭੌਂ ਕੇ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।
ਕਠਨ ਤਪਾਂ ਨਾਲ ਨਿਰੇ ਵਿਕਾਰਾਂ ਤੋਂ ਬਚਣ ਦੇ ਜਤਨ ਨਾਲ ਭੀ ਕੋਈ ਮਨੁੱਖ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ।
ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ,
ਉਹ ਵਡ-ਭਾਗੀ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।