ਹੇ ਸਖੀ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।
ਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ ॥੧॥ ਰਹਾਉ ॥
ਪਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਤਕ ਨਹੀਂ ਪਹੁੰਚ ਸਕਦੀ; ਉਸ ਦੀ ਵਡਿਆਈ ਕੋਈ ਭੀ ਬਿਆਨ ਨਹੀਂ ਕਰ ਸਕਦਾ। ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ।
ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੧॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ,
ਨਾਨਕ ਆਖਦਾ ਹੈ- ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ ॥੨॥੨॥੩੩॥
ਰਾਗ ਦੇਵਗੰਧਾਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ।
ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ ॥੧॥ ਰਹਾਉ ॥
ਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ ॥੧॥
ਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ।
(ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ।
ਨਾਨਕ ਆਖਦਾ ਹੈ- ਸਾਧ ਸੰਗਤ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ਮਿਲ ਜਾਂਦਾ ਹੈ ॥੨॥੧॥੩੪॥
ਉਸ ਪਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ) ॥੧॥ ਰਹਾਉ ॥
ਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਹ ਪਰਮਾਤਮਾ ਕਿਥੇ ਵਿਖਾਵਾਂ? ਜੇਹੜੇ ਮਨੁੱਖ ਉਸ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ (ਉਸ ਦਾ ਸਰੂਪ ਕਥਿਆ ਨਹੀਂ ਜਾ ਸਕਦਾ) ॥੧॥
ਸ਼ਿਵ ਜੀ ਦੇ ਸੇਵਕ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ,
ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ,
ਤੇ ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ।
(ਫਿਰ ਭੀ) ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।
ਨਾਨਕ ਆਖਦਾ ਹੈ- ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ ॥੨॥੨॥੩੫॥
ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ,
ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥
ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ),
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ।
ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ ॥੧॥
ਉਹ ਮੇਰਾ ਪ੍ਰਭੂ ਹਰ ਤਾਕਤ ਦਾ ਕਾਲਕ ਹੈ, ਬਹੁਤ ਡੂੰਗਾ ਹੈ ਤੇ ਵਢਾ ਹੈ।
ਉਹ ਮਾਲਕ ਹਰ ਸਰੀਰ ਵਿੱਚ ਤੇ ਨੇੜੇ ਹੈ।
ਨਾਨਕ ਨੇ ਉਸ ਪਰਮਾਤਮਾ ਦੀ ਸਰਨ ਤੱਕੀ ਹੈ, ਉਸ ਪ੍ਰਭੂ ਦਾ ਆਸਰਾ ਤੱਕਿਆ ਹੈ, ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ ਤੇ ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੩॥੩੬॥
ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ।
ਸਾਕਤ (ਪ੍ਰਭੂ ਨਾਲੋਂ ਟੁਟੇ ਹੋਏ, ਅਧਰਮੀ) ਨਾਲੋਂ ਟੁੱਟ ਜਾ!
ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ (ਅਧਰਮੀ) ਦੀ ਸੰਗਤ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥
ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ)।
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ (ਅਧਰਮੀ) ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ॥੧॥
ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ।